ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤਰਸੇਮ ਜੱਸੜ ਕਿਸੇ ਜਾਣ ਪਹਿਚਾਣ ਦੇ ਮਹੁਤਾਜ ਨਹੀਂ ਹਨ। ਗਾਇਕੀ ਤੇ ਅਦਾਕਾਰੀ ਦੇ ਖ਼ੇਤਰ ‘ਚ ਵੱਡੀਆਂ ਮੱਲਾਂ ਮਾਰਨ ਵਾਲੇ ਪੰਜਾਬੀ ਗਾਇਕ ਅਤੇ ਪ੍ਰੋਡਿਊਸਰ ਤਰਸੇਮ ਜੱਸੜ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 4 ਜੁਲਾਈ 1986 ਨੂੰ ਹੋਇਆ ਸੀ। ਤਰਸੇਮ ਜੱਸੜ ਨੇ ਕਈ ਹਿੱਟ ਗੀਤ ਅਤੇ ਫ਼ਿਲਮਾਂ ਪੰਜਾਬੀ ਸੰਗੀਤ ਜਗਤ ਨੂੰ ਦਿੱਤੀਆਂ ਹਨ। ਤਾਂ ਅੱਜ ਤਰਸੇਮ ਜੱਸੜ ਦੇ ਜਨਮ ਦਿਨ ‘ਤੇ ਆਓ ਤੁਹਾਨੂੰ ਦਸੀਏ ਉਹਨਾਂ ਬਾਰੇ ਕੁੱਝ ਅਣਸੁਣੇ ਤੱਥ। ਤਰਸੇਮ ਜੱਸੜ ਇੱਕ ਸਫਲ ਗਾਇਕ, ਗੀਤਕਾਰ ਹਨ। ਤਰਸੇਮ ਜੱਸੜ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੱਸੜ ਵਿੱਚ ਹੋਇਆ ਸੀ। ਉਨ੍ਹਾਂ ਦਾ ਮੌਜੂਦਾ ਗ੍ਰਹਿ ਟਾਊਨ ਫਤਿਹਗੜ੍ਹ ਸਾਹਿਬ, ਦਾ ਅਮਲੋਹ ਕਸਬਾ ਹੈ। ਤਰਸੇਮ ਜੱਸੜ ਨੇ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਤੋਂ ਉੱਚ ਵਿੱਦਿਆ ਹਾਸਿਲ ਕੀਤੀ ਹੈ।
ਗ੍ਰੈਜੂਏਸ਼ਨ ਤੋਂ ਬਾਅਦ ਤਰਸੇਮ ਜੱਸੜ ਨੇ ਪੋਸਟ ਗ੍ਰੈਜੂਏਸ਼ਨ ਵਿੱਚ ਦਾਖਲਾ ਲਿਆ ਸੀ। ਪਰ ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਪਹਿਲਾਂ ਜੱਸੜ ਨੂੰ ਇੰਗਲੈਂਡ ਦਾ ਵੀਜ਼ਾ ਮਿਲ ਗਿਆ ਸੀ।ਤਰਸੇਮ ਜੱਸੜ ਵਿਦੇਸ਼ਾਂ ਵਿੱਚ ਇਕੱਲਾ ਅਤੇ ਉਦਾਸ ਮਹਿਸੂਸ ਕਰ ਰਿਹਾ ਸੀ। ਤਰਸੇਮ ਨੂੰ ਇੰਗਲੈਂਡ ‘ਚ ਲੇਬਰ ਵਜੋਂ ਕੰਮ ਕਰਨਾ ਪਿਆ ਸੀ। ਜੱਸੜ ਦੀ ਪਹਿਲੀ ਕਮਾਈ 30 ਪੌਂਡ ਸੀ। ਆਪਣੀ ਇਕੱਲਤਾ ਅਤੇ ਉਦਾਸੀ ਨੂੰ ਦੂਰ ਕਰਨ ਲਈ ਤਰਸੇਮ ਜੱਸੜ ਨੇ ‘ਕਾਲੇਜ ਦੀ ਯਾਦ’ ਗੀਤ ਲਿਖਿਆ ਸੀ। ਜਿਸ ਗੀਤ ਨੂੰ ਬਾਅਦ ਵਿੱਚ ਉਨ੍ਹਾਂ ਦੇ ਦੋਸਤ ਕੁਲਬੀਰ ਝਿੰਜਰ ਨੇ ਗਾਇਆ ਸੀ। ਇਸ ਗੀਤ ਨੇ ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਵੱਖਰੀ ਪਹਿਚਾਣ ਵੀ ਦਵਾਈ ਹੈ।
ਤਰਸੇਮ ਜੱਸੜ ਇੰਗਲੈਂਡ ‘ਚ ਇੱਕ ਸਾਲ ਬਿਤਾਉਣ ਤੋਂ ਬਾਅਦ ਭਾਰਤ ਪਰਤਿਆ ਸੀ। ‘ਅੱਤਵਾਦੀ’ ਇੱਕ ਗਾਇਕ ਵਜੋਂ ਤਰਸੇਮ ਜੱਸੜ ਦਾ ਡੈਬਿਊ ਗਾਣਾ ਸੀ। ਤਰਸੇਮ ਜੱਸੜ ਦੇ ਲਿਖੇ ਪਟਿਆਲੇ ਸਾਹੀ ਪੱਗ ਗਾਣੇ ਦੇ ਆਉਣ ਤੋਂ ਬਾਅਦ ਨੌਜਵਾਨਾਂ ਵਿੱਚ ਦਸਤਾਰ ਨੂੰ ਲੈ ਕੇ ਵੀ ਇੱਕ ਖਿੱਚ ਸ਼ੁਰੂ ਹੋਈ ਸੀ। ਇਸ ਗੀਤ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਹੋਈ ਸੀ। ਤਰਸੇਮ ਜੱਸੜ ਨੇ ਪੰਜਾਬੀ ਫਿਲਮ ਰੱਬ ਦਾ ਰੇਡੀਓ ਰਾਹੀਂ ਬਤੌਰ ਅਦਾਕਾਰ ਡੈਬਿਊ ਕੀਤਾ ਸੀ । ਜੋ ਦਰਸ਼ਕਾਂ ਵੱਲੋ ਕਾਫੀ ਪਸੰਦ ਵੀ ਕੀਤੀ ਗਈ ਸੀ।