ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਿਆ ਇੱਕ ਸਾਲ ਤੋਂ ਜਿਆਦਾ ਸਮਾਂ ਬੀਤ ਗਿਆ ਹੈ, ਪਰ ਅਜੇ ਵੀ ਉਨ੍ਹਾਂ ਦੇ ਚਾਹੁੰਣ ਵਾਲੇ ਆਪਣੇ ਚਹੇਤੇ ਗਾਇਕ ਨੂੰ ਗੀਤਾਂ ਰਾਹੀਂ ਯਾਦ ਕਰਦੇ ਨੇ। ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਵੀ ਹੈ, ਇਸ ਮੌਕੇ ਸਿੱਧੂ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਨੇ ਤੇ ਉਨ੍ਹਾਂ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਉੱਥੇ ਹੀ ਇਸ ਮੌਕੇ ਸਿੱਧੂ ਦੇ ਘਰ ਤੋਂ ਕੁੱਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੰਨ੍ਹਾਂ ਨੂੰ ਦੇਖ ਤੁਹਾਡੀਆਂ ਅੱਖਾਂ ‘ਚ ਵੀ ਹੰਝੂ ਆ ਜਾਣਗੇ। ਦਰਅਸਲ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਿੱਧੂ ਦੀ ਤਸਵੀਰ ਅੱਗੇ ਕੇਕ ਰੱਖੇ ਹੋਏ ਨੇ ਅਤੇ ਉਸ ਦੇ ਆਲੇ ਦੁਆਲੇ ਸਿੱਧੂ ਦੇ ਮਾਤਾ ਪਿਤਾ ਸਣੇ ਕਈ ਪ੍ਰਸੰਸਕ ਖੜ੍ਹੇ ਨਜ਼ਰ ਆ ਰਹੇ ਨੇ ਪਰ ਇਸ ਦੌਰਾਨ ਸਿੱਧੂ ਦੇ ਮਾਪਿਆਂ ਦੀਆਂ ਅੱਖਾਂ ‘ਚ ਹੰਝੂ ਆ ਰਹੇ ਨੇ, ਜਿਨ੍ਹਾਂ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ।
ਇਸ ਮੌਕੇ ‘ਤੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡਿਆ ‘ਤੇ ਆਪਣੇ ਬੇਟੇ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ, ਜਿਸਨੇ ਸਭ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ ਹੈ। ਚਰਨ ਕੌਰ ਨੇ ਲਿਖਿਆ ਕਿ ਜਨਮਦਿਨ ਮੁਬਾਰਕ ਪੁੱਤ, ਅੱਜ ਦੇ ਦਿਨ ਮੇਰੀਆਂ ਮੁਰਾਦਾ ਤੇ ਦੁਆਵਾਂ ਸੱਚ ਹੋਈਆ ਸੀ, ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਆਪਣੀ ਬੁੱਕਲ ਦੇ ਨਿੱਘ ਵਿਚ ਮਹਿਸੂਸ ਕੀਤਾ ਸੀ,ਤੇ ਮੈਨੂੰ ਪਤਾ ਲੱਗਾ ਸੀ ਕਿ ਮੈਂਨੂੰ ਅਕਾਲ ਪੁਰਖ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਸ਼ੁੱਭ ਤੁਹਾਨੂੰ ਪਤਾ ਤੁਹਾਡੇ ਨਿੱਕੇ ਨਿੱਕੇ ਪੈਰਾਂ ਉਪਰ ਹਲਕੀ ਹਲਕੀ ਲਾਲੀ ਸੀ, ਜਿਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਨੰਨ੍ਹੇ ਕਦਮਾਂ ਨੇ ਪਿੰਡ ਬੈਠਿਆਂ ਹੀ |
ਸਾਰੀ ਦੁਨੀਆਂ ਦਾ ਸਫ਼ਰ ਕਰ ਲੈਣਾ, ਤੇ ਮੋਟੀਆਂ ਮੋਟੀਆਂ ਅੱਖਾਂ ਸੀ, ਜੋ ਧਰੋ ਹੀ ਸੱਚ ਨੂੰ ਦੇਖਣ ਤੇ ਪਛਾਣਨ ਦਾ ਹੁਨਰ ਲੈਕੇ ਆਇਆ ਸੀ, ਉਹ ਇਹ ਨਹੀਂ ਜਾਣਦੀਆਂ ਸੀ ਕਿ ਓ ਪੰਜਾਬ ਦੀ ਪੀੜੀ ਨੂੰ ਦੁਨੀਆਂ ਨੂੰ ਦੇਖਣ ਦਾ ਵੱਖਰਾ ਨਜ਼ਰੀਆ ਦੇਕੇ ਜੱਗ ਤੋ ਜਾਣਗੀਆਂ ਤੇ ਇਹਨਾਂ ਖੂਬੀਆਂ ਦੀ ਪਹਿਚਾਣ ਬਣਨ ਵਾਲੀ ਤੁਹਾਡੀ ਓਹ ਕਲਮ ਜਿਸਨੂੰ ਫੜਨ ਵਾਲੇ ਤੁਹਾਡੇ ਭਰਮੇ ਜਿਹੇ ਨਿੱਕੇ ਨਿੱਕੇ ਹੱਥ ਸੀ, ਜਿਹਨਾਂ ਨੂੰ ਦੇਖ ਮੈਨੂੰ ਇਹ ਨਹੀਂ ਪਤਾ ਲੱਗਾ ਸੀ, ਕਿ ਇਹ ਹੱਥ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਸੀ, ਤੇ ਦਸਤਾਰ ਵਰਗੇ ਅਨਮੋਲ ਤਾਜ਼ ਨੂੰ ਸਾਂਭਣ ਵਾਲੇ ਸਿਰ ਤੇ ਭਰਮੇ ਵਾਲ ਸੀ, ਜਿਹਨਾ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਕਿਹੜੇ ਹਾਲੀ ਆਖ਼ਰੀ ਵਾਰ ਗੁੰਦਣਾ, ਜੇ ਓਸ ਵੇਲੇ ਅਕਾਲ ਪੁਰਖ ਮੈਨੂੰ ਦੱਸ ਦਿੰਦੇ ਕਿ ਜਿਸ ਪੁੱਤ ਦੀ ਮੈਂ ਮਾਂ ਬਣ ਗਈ ਹਾਂ, ਓਸਦਾ ਜਨਮ ਹੀ ਦੁਨੀਆਂ ਨੂੰ ਸੱਚ ਤੇ ਅਣਖ ਦੇ ਰਸਤੇ ਤੇ ਚੱਲਣ ਦੀ ਸੇਧ ਦੇਣ ਲਈ ਹੋਇਆ ਤਾਂ ਮੈਂ ਤੁਹਾਡੇ ਲੇਖਾ ਵਿਚ ਲਿਖੀਆਂ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਲਿਖਾਂ ਲੈਂਦੀ, ਪੁੱਤ ਬੇਸ਼ੱਕ ਤੁਸੀਂ ਮੈਨੂੰ ਤੁਰਦੇ ਫਿਰਦੇ ਨਹੀਂ ਦਿਖਦੇ ਪਰ, ਮੈਂ ਤੁਹਾਨੂੰ ਆਪਣੇ ਆਲੇ ਦੁਆਲੇ ਹਮੇਸ਼ਾ ਮਹਿਸੂਸ ਕਰਦੀ ਹਾਂ, ਪੁੱਤ ਤੁਸੀਂ ਜਿੱਥੇ ਵੀ ਹੋ ਓਥੇ ਖੁਸ਼ ਹੋਵੋ, ਇਹੀ ਤੁਹਾਡੇ ਜਨਮਦਿਨ ਤੇ ਮੈਂ ਅਰਦਾਸ ਕਰਦੀ ਹਾਂ, ਤੁਹਾਡੀ ਬਹੁਤ ਯਾਦ ਆ ਰਹੀ ਆ ਅੱਜ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਕਾਰਨ ਪੂਰੇ ਦੁਨੀਆ ਵਿੱਚ ਮਸ਼ਹੂਰ ਹੋਇਆ ਸੀ। ਜਿੱਥੇ ਸਿੱਧੂ ਦੀਆਂ ਥੋੜ੍ਹੇ ਸਮੇਂ ਵਿੱਚ ਮਸ਼ਹੂਰ ਹੋਣ ਦੀਆਂ ਗੱਲਾਂ ਚੱਲਦੀਆਂ ਹਨ ਤਾਂ ਨਾਲ ਹੀ ਉਨ੍ਹਾਂ ਨਾਲ ਜੁੜੇ ਵਿਵਾਦਾਂ ਦੀ ਚਰਚਾ ਵੀ ਅਕਸਰ ਹੁੰਦੀ ਹੈ। ਸਿੱਧੂ ਮੂਸੇਵਾਲਾ ਨਾਲ ਕਈ ਤਰ੍ਹਾਂ ਦੇ ਵਿਵਾਦ ਵੀ ਨਾਲੋ-ਨਾਲ ਚੱਲਦੇ ਰਹੇ ਸਨ।