ਨਿਊਜ਼ੀਲੈਂਡ ‘ਚ ਪਿਛਲੇ ਸਾਲ ਹੋਏ ਪਹਿਲੇ ਵਰਲਡ ਕਬੱਡੀ ਕੱਪ ਦੀ ਸਫਲਤਾ ਤੋਂ ਬਾਅਦ ਇੱਕ ਵਾਰ ਫਿਰ ਆਕਲੈਂਡ ‘ਚ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ। ਪਿਛਲੀ ਵਾਰ ਦੀ ਤਰਹਾਂ ਇਸ ਵਾਰ ਵੀ ਚੋਟੀ ਦੇ ਖਿਡਾਰੀ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਗੇ। ਉੱਥੇ ਹੀ ਇਸ ਵਿਚਕਾਰ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੈਮਿਲਟਨ ਸਿੱਖ ਸੁਸਾਇਟੀ ਦੇ ਵਾਈਸ ਪ੍ਰਧਾਨ ਸੰਤੋਖ ਸਿੰਘ ਵਿਰਕ ਜੀ ਦਾ ਦੂਜੇ ਕਬੱਡੀ ਵਰਲਡ ਕੱਪ ਮੌਕੇ ਵਿਸ਼ੇਸ਼ ਸਨਮਾਨ ਕੀਤਾ ਜਾਏਗਾ। ਸੁਪਰੀਮ ਸਿੱਖ ਸੁਸਾਇਟੀ ਵਲੋਂ ਉਨ੍ਹਾਂ ਨੂੰ ਕਮਿਊਨਿਟੀ ਹੀਰੋ ਵੱਜੋਂ ਸਨਮਾਨਿਤ ਕੀਤਾ ਜਾਵੇਗਾ। ਸੰਤੋਖ ਸਿੰਘ ਵਿਰਕ ਜੀ 1968 ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਹਨ ਤੇ ਸ਼ੁਰੂ ਤੋਂ ਹੀ ਸਿੱਖ ਭਾਈਚਾਰੇ ਲਈ ਅਣਥੱਕ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਨ । ਭਾਈ ਸਾਬ੍ਹ 4 ਸਾਲ ਲਈ ਨਿਊਜ਼ੀਲੈਂਡ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ NZ ਸਿੱਖ ਸੁਸਾਇਟੀ ਦੇ 2 ਵਾਰ ਪ੍ਰਧਾਨ ਰਹਿ ਚੁੱਕੇ ਹਨ। ਇੰਨਾਂ ਹੀ ਨਹੀਂ ਇੱਕ ਵਾਰ ਜਨਰਲ ਸੈਕਟਰੀ, ਇੱਕ ਵਾਰ ਅਸੀਸਟੈਂਟ ਸੈਕਟਰੀ ਵੀ ਰਹਿ ਚੁੱਕੇ ਹਨ। ਇਸ ਸਮੇ ਉਹ ਮੌਜੂਦਾ ਸਮੇਂ ਵਿੱਚ ਇਸ ਸੰਸਥਾ ਦੇ ਵਾਈਸ ਪ੍ਰਧਾਨ ਹਨ।
ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਵਲੋਂ ਸੰਤੋਖ ਸਿੰਘ ਵਿਰਕ ਜੀ ਨੂੰ ‘ਅਣਸੰਗ ਹੀਰੋਜ਼’ ਅਵਾਰਡ ਦੇਣ ਸਮੇਂ ਸੋਨੇ ਦੇ ਖੰਡੇ ਨਾਲ ਸਨਮਾਨਿਆ ਜਾਏਗਾ। ਇਹ ਅਵਾਰਡ ਸੁਸਾਇਟੀ ਵੱਲੋਂ ਭਾਈਚਾਰੇ ਦੀਆਂ ਉਨ੍ਹਾਂ ਸ਼ਖਸ਼ੀਅਤਾਂ ਨੂੰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਅਣਗਿਣਤ ਤੇ ਲੰਬਾ ਸਮਾਂ ਸੇਵਾ ਪ੍ਰਦਾਨ ਕੀਤੀ, ਪਰ ਉਨ੍ਹਾਂ ਦੇ ਸ਼ਲਾਘਾਯੋਗ ਕੰਮਾਂ ਨੂੰ ਕਦੇ ਵੀ ਕਿਤੇ ਵੀ ਸਨਮਾਨਿਆ ਨਹੀਂ ਗਿਆ। ਦੱਸ ਦਈਏ ਕਿ ਇਹ ਟੂਰਨਾਮੈਂਟ ਆਕਲੈਂਡ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਮੈਦਾਨ ਵਿੱਚ 8 ਦਸੰਬਰ ਨੂੰ ਕਰਵਾਇਆ ਜਾਏਗਾ। ਦੱਸ ਦਈਏ ਕਿ ਇਸ ਵਰਲਡ ਕਬੱਡੀ ਕੱਪ ਦੇ ਵਿੱਚ 6 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਅਹਿਮ ਗੱਲ ਹੈ ਕਿ ਇਸ ਵਰਲਡ ਕਬੱਡੀ ਕੱਪ ਦੇ ਵਿੱਚ ਪਾਕਿਸਤਾਨ ਦੀ ਟੀਮ ਵੀ ਹਿੱਸਾ ਲਵੇਗੀ।