ਅਫਗਾਨਿਸਤਾਨ ਵਿੱਚ ਹਲਾਤ ਲਗਾਤਾਰ ਬੇਕਾਬੂ ਹੁੰਦੇ ਜਾਂ ਰਹੇ ਹਨ। ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ। ਹੁਣ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਆਪਣੀ ਨਵੀਂ ਸਰਕਾਰ ਬਣਾਉਣ ਵੱਲ ਕਦਮ ਵਧਾ ਰਿਹਾ ਹੈ। ਤਾਲਿਬਾਨ ਹੌਲੀ ਹੌਲੀ ਦੇਸ਼ ਦੀਆਂ ਨੀਤੀਆਂ ਦੇ ਸੰਬੰਧ ਵਿੱਚ ਫੈਸਲੇ ਲੈ ਰਿਹਾ ਹੈ, ਇਸ ਕੜੀ ਵਿੱਚ, ਸੋਮਵਾਰ ਨੂੰ, ਤਾਲਿਬਾਨ ਨੇ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦਾ ਨਵਾਂ ਕਾਰਜਕਾਰੀ ਗਵਰਨਰ ਨਿਯੁਕਤ ਕੀਤਾ ਹੈ। ਇਹ ਜ਼ਿੰਮੇਵਾਰੀ ਹਾਜੀ ਮੁਹੰਮਦ ਇਦਰੀਸ ਨੂੰ ਦਿੱਤੀ ਗਈ ਹੈ, ਜੋ ਸੰਕਟ ਪ੍ਰਭਾਵਿਤ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੀ ਨਿਗਰਾਨੀ ਕਰੇਗਾ।
ਹੁਣ ਹਾਜੀ ਮੁਹੰਮਦ ਇਦਰੀਸ, ਜਿਸ ਨੂੰ ਤਾਲਿਬਾਨ ਦੁਆਰਾ ਕੇਂਦਰੀ ਬੈਂਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਲੰਮੇ ਸਮੇਂ ਤੋਂ ਤਾਲਿਬਾਨ ਦੇ ਨੇਤਾ ਮੁੱਲਾ ਅਖਤਰ ਮੰਸੂਰ ਦੀਆਂ ਆਰਥਿਕ ਗਤੀਵਿਧੀਆਂ ਨੂੰ ਸੰਭਾਲ ਰਿਹਾ ਹੈ। ਮੁੱਲਾ ਅਖਤਰ ਮੰਸੂਰ 2016 ਵਿੱਚ ਇੱਕ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। ਮੁਹੰਮਦ ਇਦਰੀਸ ਕੋਲ ਕੋਈ ਉੱਚ ਸਿੱਖਿਆ ਨਹੀਂ ਹੈ, ਨਾ ਹੀ ਉਹ ਵਿੱਤੀ ਮਾਮਲਿਆਂ ਵਿੱਚ ਮਾਹਿਰ ਹੈ, ਪਰ ਕਿਉਂਕਿ ਉਹ ਲੰਮੇ ਸਮੇਂ ਤੋਂ ਤਾਲਿਬਾਨ ਦੀਆਂ ਆਰਥਿਕ ਗਤੀਵਿਧੀਆਂ ਨੂੰ ਸੰਭਾਲ ਰਿਹਾ ਹੈ, ਇਸ ਲਈ ਉਸ ‘ਤੇ ਭਰੋਸਾ ਜ਼ਾਹਿਰ ਕਰਦਿਆਂ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਮੁਹੰਮਦ ਇਦਰੀਸ ਨੇ ਭਾਵੇ ਕਿਤਾਬਾਂ ਦਾ ਅਧਿਐਨ ਨਹੀਂ ਕੀਤਾ, ਪਰ ਉਹ ਆਪਣੇ ਕੰਮ ਵਿੱਚ ਹੁਸ਼ਿਆਰ ਹੈ।
ਅਮਰੀਕਾ ਦੇ ਜਾਣ ਤੋਂ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ। ਕਈ ਦੇਸ਼ ਤਾਲਿਬਾਨ ਨੂੰ ਅੱਤਵਾਦੀ ਸੰਗਠਨ ਮੰਨਦੇ ਹਨ, ਅਜਿਹੀ ਸਥਿਤੀ ਵਿੱਚ ਅਫਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਰੋਕ ਦਿੱਤੀ ਗਈ ਹੈ। ਇਸ ਲਈ, ਹੁਣ ਤਾਲਿਬਾਨ ਨੂੰ ਦੇਸ਼ ਚਲਾਉਣ ਲਈ ਸਭ ਤੋਂ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਪੈਣ ਜਾ ਰਹੀ ਹੈ ਅਤੇ ਆਰਥਿਕ ਸੰਕਟ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਹੁਣ ਹਾਜੀ ਮੁਹੰਮਦ ਇਦਰੀਸ ਨੂੰ ਦਿੱਤੀ ਗਈ ਹੈ। ਅਫਗਾਨਿਸਤਾਨ ਵਿੱਚ ਆਰਥਿਕ ਗਤੀਵਿਧੀਆਂ ਲੰਮੇ ਸਮੇਂ ਤੋਂ ਰੁਕੀਆਂ ਹੋਈਆਂ ਹਨ, ਇਸ ਲਈ ਤਾਲਿਬਾਨ ਵੱਲੋਂ ਇਨ੍ਹਾਂ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਛੇਤੀ ਹੀ ਰੁਕੀ ਹੋਈ ਤਨਖਾਹ ਜਾਰੀ ਕਰ ਸਕਦਾ ਹੈ, ਤਾਂ ਜੋ ਲੋਕਾਂ ਨੂੰ ਕੰਮ ‘ਤੇ ਵਾਪਿਸ ਆਉਣ ਦਾ ਭਰੋਸਾ ਪ੍ਰਗਟਾਇਆ ਜਾ ਸਕੇ।