ਕੈਰੇਬੀਅਨ ਦੇਸ਼ ਹੈਤੀ ਦੇ ਕੈਪ ਹੈਤੀਅਨ ਸ਼ਹਿਰ ਵਿੱਚ ਇੱਕ ਤੇਲ ਟੈਂਕਰ ਦੇ ਪਲਟ ਜਾਣ ਤੋਂ ਬਾਅਦ ਤੇਲ ਲੁੱਟਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਜਦੋਂ ਲੋਕ ਟੈਂਕਰ ਵਿੱਚੋਂ ਲੀਕ ਹੋ ਰਿਹਾ ਤੇਲ ਭਰ ਰਹੇ ਸਨ ਤਾਂ ਓਦੋਂ ਹੀ ਇਸ ਵਿੱਚ ਭਿਆਨਕ ਧਮਾਕਾ ਹੋ ਗਿਆ। ਇਸ ਅੱਗ ‘ਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ। ਬਹੁਤ ਸਾਰੇ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ ਹਨ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਟੈਂਕਰ ‘ਚੋਂ ਤੇਲ ਲੀਕ ਹੋਣ ਤੋਂ ਬਾਅਦ ਲੱਗੀ ਅੱਗ ਦੀ ਲਪੇਟ ‘ਚ ਨੇੜਲੇ 20 ਘਰ ਵੀ ਸੜ ਗਏ ਹਨ। ਇਨ੍ਹਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਵੀ ਜਾਨੀ ਨੁਕਸਾਨ ਹੋਇਆ ਹੈ। ਹੈਤੀ ਵਿੱਚ ਤੇਲ ਮਾਫੀਆ ਸਰਗਰਮ ਹੈ। ਤੇਲ ਮਾਫੀਆ ਅਕਸਰ ਤੇਲ ਟੈਂਕਰ ਲੁੱਟਦਾ ਹੈ।
ਕੈਪ ਹੈਤੀਅਨ ਮੇਅਰ ਪੈਟਰਿਕ ਐਲਮੋਰ ਨੇ ਕਿਹਾ: “ਮੈਂ 50 ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਦੇਖੀਆਂ ਹਨ। ਜ਼ਿਆਦਾਤਰ ਲਾਸ਼ਾਂ ਸੜ ਚੁੱਕੀਆਂ ਹਨ। ਉਨ੍ਹਾਂ ਦੀ ਪਛਾਣ ਵੀ ਔਖੀ ਹੈ। ਮੇਅਰ ਮੁਤਾਬਿਕ- ਤੇਜ਼ ਰਫਤਾਰ ਟੈਂਕਰ ਮੇਨ ਰੋਡ ‘ਤੇ ਪਲਟ ਗਿਆ ਸੀ। ਇਸ ਵਿੱਚੋਂ ਤੇਲ ਲੀਕ ਹੋ ਰਿਹਾ ਸੀ। ਇਸ ਨੂੰ ਲੁੱਟਣ ਲਈ ਕਈ ਲੋਕ ਡੱਬੇ ਲੈ ਕੇ ਪਹੁੰਚੇ ਹੋਏ ਸਨ। ਇਸ ਦੌਰਾਨ ਟੈਂਕਰ ‘ਚ ਧਮਾਕਾ ਹੋ ਗਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਕਿਹਾ ਕਿ 40 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਦੇਸ਼ ਵਿੱਚ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।