ਪਿਛਲੇ 11 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਡਟੇ ਹੋਏ ਹਨ। ਇਸ ਅੰਦੋਲਨ ਦੌਰਾਨ 600 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ।ਪਰ ਸਰਕਾਰਾਂ ਦੇ ਕੰਨ ‘ਤੇ ਜੂੰਅ ਤੱਕ ਨਹੀਂ ਸਰਕ ਰਹੀ। ਕਿਸਾਨਾਂ ਤੇ ਸਰਕਾਰਾਂ ਵਿਚਾਲੇ 11 ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਰੀਆਂ ਬੇਸਿੱਟਾ ਰਹੀਆਂ। ਸੱਤਾਧਾਰੀ ਸਰਕਾਰ ਨੂੰ ਝੁਕਾਉਣ ਲਈ ਹੁਣ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ” ਫੈਸਲੇ ਲੈਣ ਤੇ ਕਿਸਮਤ ਬਦਲਣ ਲਈ ਸੱਤਾ ਦਾ ਹੱਥ ‘ਚ ਹੋਣਾ ਬਹੁਤ ਜ਼ਰੂਰੀ ਹੈ।”
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ 2022 ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਚੜੂਨੀ ਨੇ ਆਪਣੇ ਪਹਿਲਾ ਵਾਲੇ ਬਿਆਨ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ। ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ 2022 ਤੇ ਬੋਲਦੇ ਕਿਹਾ ਕਿ ਜਿਸ ਦੀ ਵੋਟ ਉਸ ਦਾ ਰਾਜ ਹੋਣਾ ਚਾਹੀਦਾ ਹੈ। ਸੱਤਾ ਨੇ ਸਾਡੀ ਦੇਸ਼ ਦੀ ਰਾਜਨੀਤੀ ਨੂੰ ਇਸ ਤਰ੍ਹਾਂ ਗੰਦਾ ਕਰ ਦਿੱਤਾ ਹੈ ਕਿ ਕਿ ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ। ਦੇਸ਼ ਦਾ ਭਾਵੇਂ ਖੇਤੀ ਦਾ ਵਪਾਰ ਹੋਵੇ ਉਹ ਵੀ ਕਾਰਪੋਰੇਟ ਘਰਾਣੇ ਨੂੰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਸਪਤਾਲਾਂ ਨੂੰ ਵੀ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤਾ ਗਿਆ ਹੈ। ਸਕੂਲਾਂ ਦਾ ਕਾਰੋਬਾਰ ਵੀ ਕੰਪਨੀਆਂ ਨੇ ਖੋਹ ਲਿਆ ਹੈ। ਜਿਸ ਕਾਰਨ ਇਸ ਕੰਪਨੀ ਰਾਹ ਤੂੰ ਜੇਕਰ ਮੁਕਤੀ ਚਾਹੀਦੀ ਹੈ ਤਾਂ ਸਾਨੂੰ ਗੰਦੀ ਰਾਜਨੀਤੀ ਨੂੰ ਸਾਫ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਮਿਸ਼ਨ 2022 ਪੰਜਾਬ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਅੰਦਰੋਂ ਬਹੁਤ ਵਧੀਆ ਹੁੰਗਾਰਾ ਉਨ੍ਹਾਂ ਨੂੰ ਮਿਲ ਰਿਹਾ ਹੈ। ਅੰਦੋਲਨ ਕਾਰਨ ਪਹਿਲਾਂ ਪੰਜਾਬ ਨੂੰ ਸਮਾਂ ਨਹੀਂ ਦਿੱਤਾ ਗਿਆ। ਉਹ ਖ਼ੁਦ ਆਪ ਪੰਜਾਬ ਵਿੱਚ ਸਮਾਂ ਲਾਉਣਗੇ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਜਿਸ ਨਾਲ ਮਿਸ਼ਨ ਪੰਜਾਬ ਦੀ ਲਹਿਰ ਚਲਾਈ ਜਾਵੇਗੀ। ਪੰਜਾਬ ਦੇ ਸਮਝਦਾਰ ਅਤੇ ਬੁੱਧੀਜੀਵੀ ਵਿਅਕਤੀਆਂ ਨੂੰ ਇਕੱਠੇ ਕਰਕੇ ਪੰਜਾਬ ਅੰਦਰ ਇੱਕ ਰਾਜਨੀਤਕ ਪਾਰਟੀ ਖੜ੍ਹੀ ਕੀਤੀ ਜਾਵੇਗੀ।