ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਆਈਪੀਐਲ 2025 ਵਿੱਚ ਆਰਸੀਬੀ ਪਹਿਲੀ ਵਾਰ ਆਪਣੇ ਘਰੇਲੂ ਮੈਦਾਨ ਯਾਨੀ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡ ਰਿਹਾ ਸੀ, ਪਰ ਉੱਥੇ ਉਸ ਨੂੰ ਨਿਰਾਸ਼ਾ ਹੱਥ ਲੱਗੀ। ਲਗਾਤਾਰ 2 ਜਿੱਤ ਦਰਜ ਕਰਨ ਤੋਂ ਬਾਅਦ ਬੈਂਗਲੁਰੂ ਨੂੰ ਗੁਜਰਾਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ਵਿੱਚ ਬੈਂਗਲੁਰੂ ਨੇ ਪਹਿਲਾਂ ਖੇਡਦੇ ਹੋਏ 169 ਦੌੜਾਂ ਬਣਾਈਆਂ ਸਨ, ਜਵਾਬ ਵਿੱਚ ਗੁਜਰਾਤ ਨੇ 13 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਿਲ ਕਰ ਲਿਆ।
ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਮੁਹੰਮਦ ਸਿਰਾਜ ਨੇ ਗੁਜਰਾਤ ਦੀ ਜਿੱਤ ਦੀ ਨੀਂਹ ਰੱਖੀ ਸੀ। ਸਿਰਾਜ ਦੀਆਂ 3 ਵਿਕਟਾਂ ਦੀ ਬਦੌਲਤ ਆਰਸੀਬੀ 169 ਦੌੜਾਂ ਦੇ ਸਕੋਰ ਤੱਕ ਹੀ ਸੀਮਤ ਰਹੀ। ਲੀਅਮ ਲਿਵਿੰਗਸਟੋਨ ਨੇ ਬੇਂਗਲੁਰੂ ਲਈ 54 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਪਰ ਵਿਰਾਟ ਕੋਹਲੀ ਅਤੇ ਕਪਤਾਨ ਰਜਤ ਪਾਟੀਦਾਰ ਸਮੇਤ ਮਸ਼ਹੂਰ ਬੱਲੇਬਾਜ਼ ਫਲਾਪ ਹੋ ਗਏ। ਬੱਲੇਬਾਜ਼ੀ ਵਿੱਚ ਜੋਸ ਬਟਲਰ ਗੁਜਰਾਤ ਦੀ ਜਿੱਤ ਦੇ ਹੀਰੋ ਬਣੇ। ਬਟਲਰ ਨੇ 39 ਗੇਂਦਾਂ ‘ਤੇ 73 ਦੌੜਾਂ ਦੀ ਅਜੇਤੂ ਪਾਰੀ ਖੇਡੀ।