ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਜ਼ ਦੀ ਜੇਤੂ ਗੱਡੀ ਲਗਾਤਾਰ ਤੇਜ਼ ਚੱਲ ਰਹੀ ਹੈ। IPL 2025 ਦੇ ਆਪਣੇ ਚੌਥੇ ਮੈਚ ਵਿੱਚ, ਗੁਜਰਾਤ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਇੱਕ ਤਰਫਾ ਮੈਚ ਵਿੱਚ 7 ਵਿਕਟਾਂ ਨਾਲ ਹਰਾਇਆ ਹੈ। ਹੈਦਰਾਬਾਦ ਨੂੰ ਇਸ ਸੀਜ਼ਨ ‘ਚ ਆਪਣੇ ਹੀ ਘਰੇਲੂ ਮੈਦਾਨ ‘ਤੇ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ ਕੁੱਲ ਚੌਥੀ ਹਾਰ ਹੈ। ਪੈਟ ਕਮਿੰਸ ਦੀ ਕਪਤਾਨੀ ਵਾਲੀ ਟੀਮ ਨੂੰ ਲਗਾਤਾਰ ਚੌਥੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਗੁਜਰਾਤ ਨੇ ਲਗਾਤਾਰ ਤੀਜਾ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਦੂਜਾ ਸਥਾਨ ਵੀ ਹਾਸਿਲ ਕਰ ਲਿਆ ਹੈ। ਟੀਮ ਦੀ ਜਿੱਤ ਦੇ ਸਿਤਾਰੇ ਮੁਹੰਮਦ ਸਿਰਾਜ ਸਨ, ਜੋ ਅਸਲ ਵਿੱਚ ਹੈਦਰਾਬਾਦ ਦਾ ਰਹਿਣ ਵਾਲਾ ਹੈ। ਕਪਤਾਨ ਸ਼ੁਭਮਨ ਗਿੱਲ ਨੇ ਵੀ ਮੁਸ਼ਕਿਲ ਹਾਲਾਤਾਂ ਵਿੱਚ ਸ਼ਾਨਦਾਰ ਪਾਰੀ ਖੇਡੀ।
