ਅਮਰੀਕਾ ਦੇ ਨਿਊਯਾਰਕ ਰਾਜ ਵਿੱਚ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਪੰਜਾਬ ਮੂਲ ਦੀ ਇੱਕ ਡਾਕਟਰ, ਉਨ੍ਹਾਂ ਦੇ ਪਤੀ ਅਤੇ ਦੋ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਕੋਲੰਬੀਆ ਕਾਉਂਟੀ ਹਵਾਈ ਅੱਡੇ ‘ਤੇ ਉਤਰਨ ਵਾਲਾ ਸੀ। ਡਾਕਟਰ ਦਾ ਨਾਮ ਡਾ. ਜੋਏ ਸੈਣੀ ਸੀ। ਉਹ ਇੱਕ ਯੂਰੋ-ਗਾਇਨੀਕੋਲੋਜਿਸਟ ਸੀ ਅਤੇ ਔਰਤਾਂ ਦੀ ਸਰਜਰੀ ਵਿੱਚ ਮਾਹਿਰ ਸੀ। ਉਨ੍ਹਾਂ ਦੇ ਨਾਲ ਜਹਾਜ਼ ਵਿੱਚ ਉਨ੍ਹਾਂ ਦਾ ਪਤੀ ਮਾਈਕਲ ਗ੍ਰੌਫ (ਜੋ ਜਹਾਜ਼ ਉਡਾ ਰਿਹਾ ਸੀ), ਧੀ ਕਰੇਨਾ ਗ੍ਰੌਫ, ਪੁੱਤਰ ਜੇਰੇਡ ਗ੍ਰੌਫ, ਅਤੇ ਉਸਦੇ ਦੋ ਦੋਸਤ, ਜੇਮਜ਼ ਸੈਂਟੋਰੋ ਅਤੇ ਅਲੈਕਸੀਆ ਕੁਇਉਟਸ ਡੁਆਰਟੇ ਵੀ ਸਨ।
ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਦੇ ਜਾਂਚਕਰਤਾ ਐਲਬਰਟ ਨਿਕਸਨ ਨੇ ਕਿਹਾ ਕਿ ਜਹਾਜ਼ ਹਾਦਸਾ ਸ਼ਨੀਵਾਰ ਨੂੰ ਉਦੋਂ ਵਾਪਰਿਆ ਜਦੋਂ ਇੱਕ ਛੋਟਾ ਮਿਤਸੁਬੀਸ਼ੀ ਐਮਯੂ2ਬੀ ਜਹਾਜ਼ ਨਿਊਯਾਰਕ ਸਿਟੀ ਤੋਂ ਲਗਭਗ 200 ਕਿਲੋਮੀਟਰ ਦੂਰ ਕੋਲੰਬੀਆ ਕਾਉਂਟੀ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਲਬਾਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ, ਉਨ੍ਹਾਂ ਕਿਹਾ ਕਿ ਜਹਾਜ਼ ਉਡਾਉਣ ਵਾਲੇ ਪਾਇਲਟ ਨੇ ਲੈਂਡਿੰਗ ਕਰਦੇ ਸਮੇਂ ਗਲਤੀ ਕੀਤੀ। ਉਹ ਰਨਵੇਅ ‘ਤੇ ਸਹੀ ਢੰਗ ਨਾਲ ਨਹੀਂ ਪਹੁੰਚ ਸਕਿਆ ਅਤੇ ਦੁਬਾਰਾ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰਨ ਲਈ ਕਿਹਾ, ਪਰ ਇਸ ਦੌਰਾਨ ਏਅਰ ਟ੍ਰੈਫਿਕ ਕੰਟਰੋਲਰ ਨੇ ਦੇਖਿਆ ਕਿ ਜਹਾਜ਼ ਬਹੁਤ ਨੀਵਾਂ ਉੱਡ ਰਿਹਾ ਸੀ। ਉਸਨੇ ਪਾਇਲਟ ਨੂੰ ਚਿਤਾਵਨੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।