ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਹੋਏ ਆਰਪੀਜੀ ਹਮਲੇ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚੋਂ ਇੱਕ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਮੁਲਜ਼ਮਾਂ ਵਿੱਚ ਦੋ ਨਾਬਾਲਗ ਵੀ ਸ਼ਾਮਿਲ ਹਨ। ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਇਹ ਹਮਲਾ ਕਰਵਾਇਆ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਤਰਨਤਾਰਨ ਜ਼ਿਲ੍ਹਾ ਪੁਲੀਸ ਦੇ ਸਾਂਝੇ ਆਪ੍ਰੇਸ਼ਨ ਸਦਕਾ ਇਹ ਸਫ਼ਲਤਾ ਹਾਸਿਲ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਰੇ ਮੁਲਜ਼ਮ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਸਾਜ਼ਿਸ਼ ਦੇ ਮਾਸਟਰਮਾਈਂਡ ਲਖਬੀਰ ਸਿੰਘ ਲੰਡਾ ਨੇ ਵੀਡੀਓ ਕਾਲਾਂ ਰਾਹੀਂ ਸਾਰੇ ਮੁਲਜ਼ਮਾਂ ਨੂੰ ਵੱਖ-ਵੱਖ ਤਰੀਕੇ ਨਾਲ ਸੇਧ ਦਿੱਤੀ ਹੈ। ਉਨ੍ਹਾਂ ਨੂੰ ਹਮਲੇ ਲਈ ਕੋਈ ਸਿਖਲਾਈ ਨਹੀਂ ਦਿੱਤੀ ਗਈ ਸੀ। ਇੰਟਰਨੈੱਟ ਤੋਂ ਵੀਡੀਓਜ਼ ਦਿਖਾ ਕੇ ਹੀ ਟਾਰਗੈਟ ਦਿੱਤੇ ਗਏ ਅਤੇ ਹਮਲੇ ਲਈ ਹਦਾਇਤਾਂ ਦੇ ਕੇ ਭੇਜੇ ਗਏ ਸਨ।