ਨਿਊਜ਼ੀਲੈਂਡ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਵੀ ਪ੍ਰਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਦਰਅਸਲ ਨਿਊਜ਼ੀਲੈਂਡ ਸਰਕਾਰ ਵਾਂਗ ਕੈਨੇਡਾ ਸਰਕਾਰ ਵੀ ਪ੍ਰਵਾਸੀਆਂ ਨੂੰ ਪੱਕੇ ਕਰਨ ਜਾ ਰਹੀ ਹੈ। ਇਸੇ ਸਾਲ ਦੇ ਅਖੀਰ ਤੱਕ ਯਾਨੀ ਕਿ 2021 ਦੌਰਾਨ 4 ਲੱਖ ਪ੍ਰਵਾਸੀ ਪੱਕੇ ਕਰਨ ਦਾ ਕੋਟਾ 31 ਦਸੰਬਰ ਤੱਕ ਪੂਰਾ ਕਰ ਹੋ ਜਾਵੇਗਾ। ਇਸ ਤੋਂ ਇਲਾਵਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਰੁਜ਼ਗਾਰ ਆਰਥਿਕਤਾ ਦੀਆਂ ਲੋੜਾਂ ਦੇ ਮੱਦੇਨਜ਼ਰ ਸਾਲਾਨਾ ਇਮੀਗ੍ਰੇਸ਼ਨ ਦਾ ਕੋਟਾ ਵੀ ਵਧਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਾਲ 2022 ਦੌਰਾਨ ਕੈਨੇਡਾ ਵਿੱਚ 4 ਲੱਖ 11 ਹਜ਼ਾਰ ਤੇ ਸਾਲ 2023 ਵਿੱਚ 4 ਲੱਖ 21 ਹਜ਼ਾਰ ਵਿਦੇਸ਼ੀ ਪੱਕੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਮੌਜੂਦਾ ਸਮੇਂ ਵਿੱਚ ਲਗਪਗ 18 ਲੱਖ ਅਰਜੀਆਂ ਵਿਚਾਰ ਅਧੀਨ ਹਨ, ਜਿਨ੍ਹਾਂ ਵਿੱਚ 7 ਲੱਖ ਤੋਂ ਵੱਧ ਅਰਜੀਆਂ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਲਈ ਸ਼ਾਮਿਲ ਹਨ।