ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਚੱਲ ਰਹੇ ਅੰਦੋਲਨ ‘ਤੇ ਇੱਕ ਵਾਰ ਫਿਰ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਘੱਟੋ -ਘੱਟ ਸਮਰਥਨ ਮੁੱਲ ‘ਤੇ ਗਾਰੰਟੀ ਦਾ ਕਾਨੂੰਨ ਲਿਆਉਂਦੀ ਹੈ, ਤਾਂ ਮਸਲਾ ਹੱਲ ਹੋ ਸਕਦਾ ਹੈ। ਮਲਿਕ ਨੇ ਇਹ ਪ੍ਰਤੀਕਿਰਿਆ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਅੰਦੋਲਨ (ਰੇਲ ਰੋਕੋ ਅੰਦੋਲਨ) ਦੌਰਾਨ ਦਿੱਤੀ ਹੈ। ਮਲਿਕ ਨੇ ਕਿਹਾ ਕਿ ਕਿਸਾਨ ਸਿਰਫ ਇੱਕ ਚੀਜ਼ ਮੰਗ ਰਹੇ ਹਨ, ਫਿਰ ਕੇਂਦਰ ਇਸ ਨੂੰ ਪੂਰਾ ਕਿਉਂ ਨਹੀਂ ਕਰ ਰਿਹਾ। ਕਿਸਾਨ MSP ਜਾਂ ਇਸ ਤੋਂ ਘੱਟ ‘ਤੇ ਕੋਈ ਸਮਝੌਤਾ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੈ। ਕਿਸਾਨ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਹੁਣ ਬਿਜਾਈ ਦਾ ਸਮਾਂ ਹੈ, ਪਰ ਕਿਸਾਨ ਅੰਦੋਲਨ ਕਰ ਰਹੇ ਹਨ।ਮਲਿਕ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਕਿਸਾਨਾਂ ਲਈ ਰਾਜਪਾਲ ਦਾ ਅਹੁਦਾ ਵੀ ਛੱਡ ਦਿਆਂਗਾ। ਇਸ ਤੋਂ ਪਹਿਲਾਂ ਵੀ ਸੱਤਿਆਪਾਲ ਮਲਿਕ ਖੇਤੀਬਾੜੀ ਕਾਨੂੰਨਾਂ ਬਾਰੇ ਖੁੱਲ੍ਹ ਕੇ ਆਪਣੀ ਰਾਏ ਦੱਸ ਚੁੱਕੇ ਹਨ। ਮਲਿਕ ਨੇ ਕਰਨਾਲ ਅਤੇ ਲਖੀਮਪੁਰ ਖੀਰੀ ਘਟਨਾ ਦੌਰਾਨ ਕਿਸਾਨਾਂ ‘ਤੇ ਹੋਏ ਲਾਠੀਚਾਰਜ ‘ਤੇ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਦੂਜੇ ਪਾਸੇ ਲਖੀਮਪੁਰ ਖੀਰੀ ਕਾਂਡ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਗ੍ਰਹਿ ਰਾਜ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੱਜ ਛੇ ਘੰਟੇ ਦਾ ਰੇਲ ਰੋਕੋ ਅੰਦੋਲਨ ਕੀਤਾ ਹੈ।