ਚੰਡੀਗੜ੍ਹ ਤੋਂ ਗੋ ਫਸਟ ਯਾਨੀ ਗੋ ਏਅਰ ਦੁਆਰਾ ਸੰਚਾਲਿਤ ਸੱਤ ਉਡਾਣਾਂ ਦਾ ਸੰਚਾਲਨ 5 ਮਈ ਤੱਕ ਰੱਦ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਕੰਪਨੀ ਨੇ ਫੰਡਾਂ ਦੀ ਕਮੀ ਕਾਰਨ ਅਗਲੇ ਤਿੰਨ ਦਿਨਾਂ ਲਈ ਦੇਸ਼ ਭਰ ਵਿੱਚ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ। ਗੋ ਫਸਟ ਦੇ ਚੰਡੀਗੜ੍ਹ ਸਟੇਸ਼ਨ ਹੈੱਡ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਇਸ ਦੌਰਾਨ ਬੁਕਿੰਗ ਕਰਵਾਈ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਨਾਲ ਰਿਫੰਡ ਦਿੱਤਾ ਜਾਵੇਗਾ, ਜੇਕਰ ਉਹ ਟਿਕਟ ਰੀ-ਸ਼ਡਿਊਲ ਕਰਨਾ ਚਾਹੁੰਦੇ ਹਨ ਤਾਂ ਇਸ ਨੂੰ ਰੀ-ਸ਼ਡਿਊਲ ਕੀਤਾ ਜਾਵੇਗਾ। ਏਅਰਲਾਈਨਜ਼ ਮੁਤਾਬਿਕ ਯਾਤਰੀ ਟੋਲ ਫਰੀ ਨੰਬਰ 18002100999 ‘ਤੇ ਸੰਪਰਕ ਕਰ ਸਕਦੇ ਹਨ।
ਇਸ ਦੇ ਨਾਲ ਹੀ ਤੁਸੀਂ ਗੋ ਫਸਟ ਦੇ ਹਵਾਈ ਅੱਡੇ ‘ਤੇ ਸਥਿਤ ਦਫਤਰ ਦੇ ਨੰਬਰ 0172-2659886 ‘ਤੇ ਵੀ ਸੰਪਰਕ ਕਰ ਸਕਦੇ ਹੋ। ਕੰਪਨੀ ਵੱਲੋਂ ਲਏ ਗਏ ਇਸ ਅਚਨਚੇਤ ਫੈਸਲੇ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਚੰਡੀਗੜ੍ਹ ਤੋਂ 2500 ਦੇ ਕਰੀਬ ਯਾਤਰੀਆਂ ਨੇ ਬੁਕਿੰਗ ਕਰਵਾਈ ਹੈ। ਏਅਰਲਾਈਨਜ਼ ਦੇ ਇਸ ਫੈਸਲੇ ਕਾਰਨ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਕਾਰਨ ਡੀਜੀਸੀਏ ਨੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।