ਪਿਆਰ ਸੱਚਮੁੱਚ ਦੇਸ਼, ਧਰਮ ਅਤੇ ਜਾਤਪਾਤ ਦੀਆਂ ਹੱਦਾਂ ਤੋਂ ਉੱਪਰ ਹੁੰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਪਿਆਰ ਹੋਣਾ ਹੁੰਦਾ ਹੈ, ਇਹ ਬਿਨਾਂ ਦੇਸ਼, ਧਰਮ ਅਤੇ ਜਾਤਪਾਤ ਦੇਖੇ ਹੋ ਜਾਂਦਾ ਹੈ। ਅੱਜ ਅਸੀਂ ਵੀ ਤੁਹਾਨੂੰ ਇੱਕ ਅਜਿਹੀ ਹੀ ਪੰਜਾਬਣ ਕੁੜੀ ਦੀ Love Story ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਨਿਊਜ਼ੀਲੈਂਡ ਦੇ ਇੱਕ ਕ੍ਰਿਕਟਰ ਨਾਲ ਪਿਆਰ ਹੋਇਆ ਤੇ ਫਿਰ ਦੋਵਾਂ ਨੇ ਵਿਆਹ ਕਰਵਾ ਲਿਆ। ਅਸੀਂ ਗੱਲ ਕਰ ਰਹੇ ਹਾਂ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਗਲੇਨ ਟਰਨਰ ਅਤੇ ਸੁਖਵਿੰਦਰ ਕੌਰ ਗਿੱਲ ਦੀ।
ਦਰਅਸਲ 1969 ‘ਚ ਭਾਰਤ ਦੌਰੇ ‘ਤੇ ਆਏ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਗਲੇਨ ਟਰਨਰ ਆਏ ਤਾਂ ਇੰਡੀਅਨ ਟੀਮ ਨੂੰ ਹਰਾਉਣ ਸੀ ਪਰ ਇੱਥੇ ਉਹ ਆਪਣਾ ਹੀ ਦਿਲ ਹਾਰ ਬੈਠੇ। ਉਨ੍ਹਾਂ ਨੂੰ ਇੱਥੇ ਇੱਕ ਸਿੱਖ ‘ਕੁੜੀ’ ਸੁਖਵਿੰਦਰ ਗਿੱਲ ਨਾਲ ਪਿਆਰ ਹੋ ਗਿਆ ਸੀ। ਟਰਨਰ ਅਤੇ ਸੁਖਵਿੰਦਰ ਨੇ ਕਰੀਬ ਤਿੰਨ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਬਾਅਦ ਵਿੱਚ ਕਈ ਮੁਸ਼ਕਿਲਾਂ ਦੇ ਬਾਵਜੂਦ ਦੋਵਾਂ ਨੇ ਵਿਆਹ ਕਰਵਾ ਲਿਆ। ਸੁਖਵਿੰਦਰ ਹੁਣ ‘ਸੁੱਖੀ ਟਰਨਰ’ ਬਣ ਗਏ ਹਨ। ਨਿਊਜ਼ੀਲੈਂਡ ਜਾਣ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਵਿੱਚ ਵੀ ਪ੍ਰਵੇਸ਼ ਕੀਤਾ ਅਤੇ ਡੁਨੇਡਿਨ ਦੇ ਮੇਅਰ ਵੀ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਿਕ 1969 ਦੇ ਭਾਰਤ ਦੌਰੇ ਦੌਰਾਨ ਕ੍ਰਿਕੇਟ ਕਲੱਬ ਆਫ ਇੰਡੀਆ ਨੇ ਕੀਵੀ ਟੀਮ ਲਈ ਡਿਨਰ ਪਾਰਟੀ ਦਾ ਆਯੋਜਨ ਕੀਤਾ ਸੀ।ਇਸ ਪਾਰਟੀ ਵਿੱਚ ਗਲੇਨ ਦੀ ਮੁਲਾਕਾਤ ਸੁਖਿੰਦਰ ਕੌਰ ਗਿੱਲ ਨਾਲ ਹੋਈ ਸੀ। ਦੋਹਾਂ ਨੂੰ ਇੱਕ ਦੂਜੇ ਦਾ ਸੁਭਾਅ ਬਹੁਤ ਪਸੰਦ ਆਇਆ। ਫਿਰ ਕੀ ਸੀ ਦੋਵੇ ਅੱਗੇ ਇੱਕ ਦੂਜੇ ਦੇ ਕਰੀਬ ਆ ਗਏ ਅਤੇ ਦੋਹਾਂ ਨੇ 1973 ‘ਚ ਵਿਆਹ ਕਰਵਾ ਲਿਆ।
ਦੱਸਿਆ ਜਾਂਦਾ ਹੈ ਕਿ ਪਾਰਟੀ ਵਿਚ ਸ਼ੁਰੂ ਹੋਇਆ ਪਿਆਰ ਹੌਲੀ-ਹੌਲੀ ਵੱਧਦਾ ਗਿਆ। ਹਾਲਾਂਕਿ ਸੁਖਵਿੰਦਰ ਦੇ ਪਿਤਾ ਇਸ ਰਿਸ਼ਤੇ ਦੇ ਖਿਲਾਫ ਸਨ। ਭਾਰਤ ਛੱਡਣ ਸਮੇਂ ਗਲੇਨ ਨੇ ਸੁਖਵਿੰਦਰ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਨ੍ਹਾਂ ਦੇ ਪਿਤਾ ਨੇ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਸੁਖਵਿੰਦਰ ਜਦੋਂ ਪੜ੍ਹਾਈ ਲਈ ਅਮਰੀਕਾ ਪਹੁੰਚੇ ਤਾਂ ਗਲੇਨ ਵੀ ਉਨ੍ਹਾਂ ਨੂੰ ਮਿਲਣ ਆਉਣ ਲੱਗਾ। 1973 ਵਿੱਚ ਟਰਨਰ ਅਤੇ ਸੁਖਵਿੰਦਰ ਨੇ ਇੱਕ ਦੂਜੇ ਨਾਲ ਵਿਆਹ ਕਰਵਾਇਆ ਸੀ। ਕਿਹਾ ਜਾਂਦਾ ਹੈ ਕਿ ਪਹਿਲਾਂ ਤਾਂ ਸੁਖਵਿੰਦਰ ਦੇ ਪਿਤਾ ਇਸ ਰਿਸ਼ਤੇ ਤੋਂ ਕੁਝ ਨਾਖੁਸ਼ ਸਨ ਪਰ ਸਮੇਂ ਦੇ ਨਾਲ ਉਨ੍ਹਾਂ ਦੀ ਨਾਰਾਜ਼ਗੀ ਦੂਰ ਹੋ ਗਈ ਅਤੇ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ।
ਪੰਜਾਬ ਦੇ ਲੁਧਿਆਣਾ ਵਿੱਚ ਜਨਮੇ ਸੁਖਵਿੰਦਰ ਵਿਆਹ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਵੱਸ ਗਏ। ਬਾਅਦ ਵਿੱਚ ਸਿਆਸੀ ਪਾਰੀ ਖੇਡਦੇ ਹੋਏ ਗਿੱਲ ਨੇ 1995 ਤੋਂ 2004 ਤੱਕ ਡੁਨੇਡਿਨ ਦੇ ਮੇਅਰ ਵਜੋਂ ਵੀ ਸੇਵਾਵਾਂ ਨਿਭਾਈਆਂ ਪਰ ਸਿਹਤ ਕਾਰਨਾਂ ਕਰਕੇ ਉਨ੍ਹਾਂ ਨੇ ਸਿਆਸਤ ਨੂੰ ਛੱਡ ਦਿੱਤਾ। ਗਲੇਨ ਅਤੇ ਸੁਖਵਿੰਦਰ ਦੇ ਦੋ ਬੱਚੇ ਵੀ ਹਨ ਅਤੇ ਵਿਆਹ ਤੋਂ ਬਾਅਦ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।
ਗਲੇਨ ਟਰਨਰ ਦੀ ਗੱਲ ਕਰੀਏ ਤਾਂ ਉਹ ਨਿਊਜ਼ੀਲੈਂਡ ਦੇ ਚੋਟੀ ਦੇ ਬੱਲੇਬਾਜ਼ਾਂ ‘ਚ ਗਿਣੇ ਜਾਂਦੇ ਹਨ। 26 ਮਈ 1947 ਨੂੰ ਜਨਮੇ ਇਸ ਸੱਜੇ ਹੱਥ ਦੇ ਬੱਲੇਬਾਜ਼ ਨੇ ਨਿਊਜ਼ੀਲੈਂਡ ਲਈ 41 ਟੈਸਟ ਮੈਚ ਖੇਡੇ ਹਨ ਅਤੇ ਸੱਤ ਸੈਂਕੜਿਆਂ ਸਮੇਤ 2991 ਦੌੜਾਂ ਬਣਾਈਆਂ ਹਨ। ਇਸ ਦੌਰਾਨ 259 ਦੌੜਾਂ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਸੀ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਟੈਸਟਾਂ ਦੀ ਗਿਣਤੀ ਦੇ ਬਰਾਬਰ 41 ਵਨਡੇ ਮੈਚ ਖੇਡੇ ਹਨ ਅਤੇ 1598 ਦੌੜਾਂ ਬਣਾਈਆਂ ਜਿਸ ਵਿੱਚ ਤਿੰਨ ਸੈਂਕੜੇ ਸ਼ਾਮਿਲ ਸਨ। ਵਨਡੇ ਵਿੱਚ ਇੱਕ ਮੈਚ ਵਿੱਚ ਸਭ ਤੋਂ ਵੱਧ ਸਕੋਰ ਦੀ ਗੱਲ ਕਰੀਏ ਤਾਂ ਗਲੇਨ ਟਰਨਰ ਦਾ 171 ਦੌੜਾਂ ਦਾ ਅਜੇਤੂ ਸਕੋਰ ਹੈ। ਟਰਨਰ ਨੇ ਵਿਸ਼ਵ ਕੱਪ 1975 ਦੌਰਾਨ ਭਾਰਤ ਵਿਰੁੱਧ 114 ਦੌੜਾਂ ਦੀ ਅਜੇਤੂ ਪਾਰੀ ਵੀ ਖੇਡੀ ਸੀ। ਉਨ੍ਹਾਂ ਨੇ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਮੁੱਖ ਚੋਣਕਾਰ ਦੀ ਜ਼ਿੰਮੇਵਾਰੀ ਵੀ ਸੰਭਾਲੀ ਸੀ।