ਫੁੱਟਬਾਲ ਜਗਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦੀ ਮੌਤ ਤੋਂ ਇੱਕ ਹਫਤੇ ਬਾਅਦ ਇਟਲੀ ਦੇ ਮਹਾਨ ਫੁੱਟਬਾਲਰ ਗਿਆਨਲੁਕਾ ਵਿਅਲੀ ਦੀ 58 ਸਾਲ ਦੀ ਉਮਰ ‘ਚ ਕੈਂਸਰ ਨਾਲ ਮੌਤ ਹੋ ਗਈ ਹੈ। ਇਟਾਲੀਅਨ ਫੁਟਬਾਲ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਗਿਆਨਲੁਕਾ ਦੀ ਮੌਤ ਨਾਲ ਫੁੱਟਬਾਲ ਜਗਤ ਨੂੰ ਇੱਕ ਹਫਤੇ ਦੇ ਅੰਦਰ ਇੱਕ ਹੋਰ ਵੱਡਾ ਝਟਕਾ ਲੱਗਾ ਹੈ।
ਗਿਆਨਲੁਕਾ ਵਿਅਲੀ ਦੀ ਮੌਤ ਦਾ ਕਾਰਨ ਕੈਂਸਰ ਸੀ। ਜਿਆਨਲੁਕਾ ਪੈਨਕ੍ਰੀਆਟਿਕ ਕੈਂਸਰ ਤੋਂ ਪੀੜਤ ਸੀ। ਸਾਲ 2018 ‘ਚ ਹੀ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਇਸ ਜਾਨਲੇਵਾ ਬੀਮਾਰੀ ਨਾਲ ਇੱਕ ਸਾਲ ਦੀ ਲੜਾਈ ਪੂਰੀ ਹੋ ਗਈ ਸੀ ਪਰ ਇਸ ਤੋਂ ਬਾਅਦ ਵੀ ਸਾਲ 2021 ‘ਚ ਉਹ ਇਸ ਦਾ ਸ਼ਿਕਾਰ ਹੋ ਗਏ। ਇਸ ਵਾਰ ਵੀ ਉਨ੍ਹਾਂ ਨੇ ਕੈਂਸਰ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਇਹ ਲੜਾਈ ਨਹੀਂ ਜਿੱਤ ਸਕੇ ਅਤੇ 6 ਜਨਵਰੀ 2023 ਨੂੰ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।