ਜਦੋਂ ਦੋ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਆਪਸ ਵਿੱਚ ਭਿੜਦੀਆਂ ਹਨ, ਤਾਂ ਇੱਕ ਜੇਤੂ ਬਣ ਕੇ ਸਾਹਮਣੇ ਆਉਂਦੀ ਹੈ। ਅਜਿਹਾ ਹੀ ਬੁੱਧਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ ‘ਚ ਹੋਇਆ, ਜਿੱਥੇ ਲਗਾਤਾਰ 2-2 ਮੈਚ ਹਾਰ ਕੇ ਲੀਗ ਦੀ ਸ਼ੁਰੂਆਤ ਕਰਨ ਵਾਲੀ ਗੁਜਰਾਤ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਟੱਕਰ ਹੋਈ। ਗੁਜਰਾਤ ਜਾਇੰਟਸ, ਜਿਸ ਨੂੰ ਹੁਣ ਤੱਕ ਦੋ ਵੱਡੀਆਂ ਹਾਰਾਂ ਝੱਲਣੀਆਂ ਪਈਆਂ ਹਨ ਅਤੇ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਹਨ, ਨੇ ਆਖਰਕਾਰ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਲਗਾਤਾਰ ਦੂਜੀ ਵਾਰ ਆਖਰੀ ਓਵਰ ਦੀ ਆਖਰੀ ਗੇਂਦ ‘ਤੇ ਉਸ ਦੀ ਕਿਸਮਤ ਦਾ ਫੈਸਲਾ ਹੋਇਆ ਪਰ ਇਸ ਵਾਰ ਬਾਜ਼ੀ ਗੁਜਰਾਤ ਦੇ ਹੱਥਾਂ ‘ਚ ਸੀ। ਗੁਜਰਾਤ ਨੇ ਬੈਂਗਲੁਰੂ ਨੂੰ 11 ਦੌੜਾਂ ਨਾਲ ਹਰਾਇਆ, ਜੋ ਬੈਂਗਲੁਰੂ ਦੀ ਲਗਾਤਾਰ ਤੀਜੀ ਹਾਰ ਹੈ।
ਬ੍ਰੇਬੋਰਨ ਸਟੇਡੀਅਮ ‘ਚ ਬੁੱਧਵਾਰ ਦੀ ਸ਼ਾਮ ਗੇਂਦਬਾਜ਼ਾਂ ਲਈ ਡਰਾਉਣੇ ਸੁਪਨੇ ਵਰਗੀ ਰਹੀ। ਦੋਵੇਂ ਟੀਮਾਂ ਦੇ ਬੱਲੇਬਾਜ਼ਾਂ ਨੇ ਛੋਟੀ ਬੋਊਂਡਰੀ ਦਾ ਫਾਇਦਾ ਚੁੱਕਿਆ ਅਤੇ ਮੈਚ ਵਿੱਚ 40 ਓਵਰਾਂ ਵਿੱਚ ਕੁੱਲ 391 ਦੌੜਾਂ ਬਣਾਈਆਂ। ਇਸ ਮੈਚ ਵਿੱਚ ਦੋਵੇਂ ਟੀਮਾਂ ਨੇ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ। ਬੈਂਗਲੁਰੂ ਦੇ ਖਿਲਾਫ ਤਿੰਨ ਮੈਚਾਂ ‘ਚ ਦੂਜੀ ਵਾਰ 200 ਤੋਂ ਜ਼ਿਆਦਾ ਦਾ ਸਕੋਰ ਬਣਿਆ ਹੈ।