ਨਿਊਜ਼ੀਲੈਂਡ ਦੇ ਆਲੇ-ਦੁਆਲੇ ਡੇਅਰੀਆਂ ਅਤੇ ਦੁਕਾਨਾਂ ਆਪਣੇ ਦਰਵਾਜ਼ੇ ਬੰਦ ਕਰ ਰਹੀਆਂ ਹਨ, ਆਕਲੈਂਡ ਦੇ ਸੈਂਡਰਿੰਗਮ ਵਿੱਚ ਬੀਤੀ ਬੁੱਧਵਾਰ ਰਾਤ ਨੂੰ ਡੇਅਰੀ ਵਰਕਰ ਜਨਕ ਪਟੇਲ ਦਾ ਚਾਕੂ ਮਾਰ ਕਤਲ ਕਰਨ ਤੋਂ ਬਾਅਦ ਇੱਕ ਦੇਸ਼ ਵਿਆਪੀ ਵਿਰੋਧ ਵਿੱਚ ਇੱਕਜੁੱਟ ਹੋ ਰਹੀਆਂ ਹਨ। ਉੱਥੇ ਹੀ ਜਨਕ ਪਟੇਲ ਕਤਲ ਮਾਮਲੇ ਵਿੱਚ ਗੁੱਸੇ ‘ਚ ਆਏ ਭਾਰਤੀ ਭਾਈਚਾਰੇ ਨੇ ਇੱਕਜੁੱਟਤਾ ਦਿਖਾਉਂਦਿਆਂ ਸੋਮਵਾਰ ਨੂੰ PM ਜੈਸਿੰਡਾ ਆਰਡਨ ਸਮੇਤ ਨਿਊਜੀਲੈਂਡ ਭਰ ਵਿੱਚ ਲੇਬਰ ਮੈਂਬਰ ਪਾਰਲੀਮੈਂਟਾਂ ਦੇ ਦਫਤਰ ਦਾ ਘਿਰਾਓ ਕੀਤਾ। ਮਾਊਂਟ ਅਲਬਰਟ ਵਿੱਚ ਜੈਸਿੰਡਾ ਆਰਡਰਨ ਦੇ ਚੋਣ ਦਫ਼ਤਰ ਦੇ ਬਾਹਰ ਲਗਭਗ 300 ਲੋਕਾਂ ਦੀ ਭੀੜ ਇਕੱਠੀ ਹੋਈ ਸੀ ਜੋ “ਸਾਨੂੰ ਇਨਸਾਫ਼ ਚਾਹੀਦਾ ਹੈ” ਦੇ ਨਾਅਰੇ ਲਾ ਰਹੀ ਸੀ।
ਜ਼ਿਕਰਯੋਗ ਹੈ ਕਿ ਡੇਅਰੀਆਂ ਤੇ ਛੋਟੇ ਕਾਰੋਬਾਰੀਆਂ ‘ਤੇ ਵੱਧਦੇ ਲੁੱਟਾਂ ਦੇ ਮਾਮਲੇ, ਹੁਣ ਕਤਲ ਦੀਆਂ ਵਾਰਦਾਤਾਂ ‘ਚ ਤਬਦੀਲ ਹੋ ਰਹੇ ਹਨ। ਉੱਥੇ ਹੀ ਜਨਕ ਪਟੇਲ ਦੇ ਕੰਮ ਦੌਰਾਨ ਹੋਏ ਕਤਲ ਨੇ ਕਾਰੋਬਾਰੀਆਂ ਦੇ ਗੁੱਸੇ ਨੂੰ ਭੜਕਾ ਦਿੱਤਾ ਹੈ ਤੇ ਆਪਣੀ ਸੁਰੱਖਿਆ ਨੂੰ ਲੈਕੇ ਹੁਣ ਇਹ ਕਾਰੋਬਾਰੀ ਸੜਕਾਂ ‘ਤੇ ਉੱਤਰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਹਨ।