ਪੰਜਾਬ ‘ਚ ਪੁਲਿਸ ਹਿਰਾਸਤ ‘ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਟੀਨੂੰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਫੜਿਆ ਸੀ। ਉਸ ਦੀ ਗ੍ਰਿਫ਼ਤਾਰੀ ਲਈ ਸਪੈਸ਼ਲ ਸੈੱਲ ਦੀਆਂ 5 ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਸਨ। ਬੁੱਧਵਾਰ ਨੂੰ ਖੁਫੀਆ ਸੂਚਨਾ ਦੇ ਆਧਾਰ ‘ਤੇ ਸਪੈਸ਼ਲ ਸੈੱਲ ਦੀ ਟੀਮ ਨੇ ਅਜਮੇਰ ‘ਚ ਛਾਪਾ ਮਾਰ ਕੇ ਗੈਂਗਸਟਰ ਟੀਨੂੰ ਨੂੰ ਫੜ ਲਿਆ। ਟੀਨੂੰ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ। ਟੀਨੂੰ ਏ ਸ਼੍ਰੇਣੀ ਦਾ ਗੈਂਗਸਟਰ ਹੈ। ਟੀਨੂੰ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਭੂਮਿਕਾ ਨਿਭਾਈ ਹੈ।
ਇੱਕ ਹਫ਼ਤਾ ਪਹਿਲਾਂ ਹੀ ਟੀਨੂੰ ਦੀ ਪ੍ਰੇਮਿਕਾ ਨੂੰ ਪੁਲਿਸ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਪ੍ਰੇਮਿਕਾ ਨੇ ਖੁਲਾਸਾ ਕੀਤਾ ਸੀ ਕਿ ਮੁਲਜ਼ਮ ਟੀਨੂੰ ਕੋਲ ਕਰੀਬ 10 ਲੱਖ ਰੁਪਏ ਸਨ। ਦੱਸ ਦੇਈਏ ਕਿ ਟੀਨੂੰ 2 ਅਕਤੂਬਰ ਨੂੰ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ। ਇਸ ਵਿੱਚ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦੀ ਭੂਮਿਕਾ ਦਾ ਖੁਲਾਸਾ ਹੋਇਆ ਸੀ। ਪੰਜਾਬ ਪੁਲਿਸ ਨੇ ਗੈਂਗਸਟਰ ਟੀਨੂੰ ਦੀ ਪ੍ਰੇਮਿਕਾ ਨੂੰ ਮੁੰਬਈ ਏਅਰਪੋਰਟ ਤੋਂ ਫੜਿਆ ਹੈ। ਉਹ ਮਾਲਦੀਵ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਪੁੱਛਗਿੱਛ ਦੌਰਾਨ ਉਸ ਨੇ ਪੰਜਾਬ ਪੁਲੀਸ ਨੂੰ ਦੱਸਿਆ ਸੀ ਕਿ ਦੀਪਕ ਟੀਨੂੰ ਵਿਦੇਸ਼ ਭੱਜ ਗਿਆ ਹੈ। ਉਹ ਪਹਿਲਾਂ ਮਾਰੀਸ਼ਸ ਗਿਆ ਅਤੇ ਫਿਰ ਦੱਖਣੀ ਅਫਰੀਕਾ ਭੱਜ ਗਿਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਉਸ ਐਂਗਲ ‘ਤੇ ਜਾਂਚ ‘ਚ ਜੁੱਟ ਗਈ। ਹਾਲਾਂਕਿ ਉਹ ਵਿਦੇਸ਼ ਨਹੀਂ ਭੱਜਿਆ ਪਰ ਰਾਜਸਥਾਨ ਦੇ ਅਜਮੇਰ ਵਿੱਚ ਲੁਕਿਆ ਹੋਇਆ ਸੀ।