ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸੋਮਵਾਰ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ ਅਦਾਲਤ ਨੇ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਦਰਅਸਲ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਬਠਿੰਡਾ ਤੱਕ ਸ਼ੂਟਰਾਂ ਨੂੰ ਫਾਰਚੂਨਰ ਗੱਡੀ ਅਤੇ ਹਥਿਆਰ ਮੁਹੱਈਆ ਕਰਵਾਉਣ ਵਾਲੇ ਅੰਮ੍ਰਿਤਸਰ ਦੇ ਸਤਬੀਰ ਸਿੰਘ ਖਿਲਾਫ ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਸੀਆਈਏ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਜੱਗੂ ਨੂੰ ਬਟਾਲਾ ਜੇਲ੍ਹ ਤੋਂ ਲੁਧਿਆਣਾ ਲੈ ਕੇ ਆਈ ਹੈ।
ਉਸਦੀ ਪੇਸ਼ੀ ਲਈ ਲੁਧਿਆਣਾ ਪੁਲਿਸ ਨੇ ਅਦਾਲਤ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ। ਅਦਾਲਤ ਵਿੱਚ ਪੁਲਿਸ ਚੌਵੀ ਘੰਟੇ ਤਾਇਨਾਤ ਰਹੀ ਕਿਉਂਕਿ ਬੰਬੀਹਾ ਗੈਂਗ ਨੇ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਜੱਗੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਅਜਿਹੇ ‘ਚ ਪੁਲਿਸ ਕੋਈ ਖਤਰਾ ਨਹੀਂ ਲੈਣਾ ਚਾਹੁੰਦੀ, ਇਸ ਲਈ ਜੱਗੂ ਨੂੰ ਸਖਤ ਸੁਰੱਖਿਆ ਵਿਚਕਾਰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ।
ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਟਰਾਂਸਪੋਰਟਰ ਅਤੇ ਉਸ ਦੇ ਗਰੋਹ ਲਈ ਕੰਮ ਕਰਨ ਵਾਲੇ ਬਲਦੇਵ ਚੌਧਰੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਲੁਧਿਆਣਾ ਪੁਲਿਸ ਨੇ 29 ਜੂਨ ਨੂੰ ਅੰਮ੍ਰਿਤਸਰ ਦੇ ਸਤਬੀਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਸਤਬੀਰ ਕੋਲੋਂ 315 ਬੋਰ ਦਾ ਪਿਸਤੌਲ ਬਰਾਮਦ ਕੀਤਾ ਸੀ। ਪੁਲਿਸ ਅਨੁਸਾਰ ਸਤਬੀਰ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ ਸੰਦੀਪ ਕਾਹਲੋਂ ਦੇ ਕਹਿਣ ’ਤੇ ਬਠਿੰਡਾ ਗਿਆ ਸੀ।
ਬਠਿੰਡਾ ਪਹੁੰਚ ਕੇ ਸਤਬੀਰ ਨੇ ਹਥਿਆਰ ਪ੍ਰਾਪਤ ਕੀਤੇ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਸਪਲਾਈ ਕੀਤੇ। ਸਤਬੀਰ ਉਹ ਵਿਅਕਤੀ ਹੈ ਜਿਸ ਨੇ ਸ਼ੂਟਰਾਂ ਨੂੰ ਬਠਿੰਡਾ ਜਾਣ ਲਈ ਆਪਣੀ ਫਾਰਚੂਨਰ ਕਾਰ ਮੁਹੱਈਆ ਕਰਵਾਈ ਸੀ। ਸਤਬੀਰ, ਸੰਦੀਪ ਕਾਹਲੋਂ ਦੋਵੇਂ ਜੱਗੂ ਭਗਵਾਨਪੁਰੀਆ ਦੇ ਖਾਸ ਹਨ। ਇਸੇ ਲਈ ਲੁਧਿਆਣਾ ਪੁਲਿਸ ਵੱਲੋਂ ਜੱਗੂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ ਹੈ, ਤਾਂ ਜੋ ਮੂਸੇਵਾਲਾ ਕਤਲ ਕਾਂਡ ਦੇ ਸਬੰਧ ‘ਚ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।