ਚੀਨ ‘ਚ ਸਾਬਕਾ ਨਿਆਂ ਮੰਤਰੀ ਫੂ ਜ਼ੇਂਗੂਆ ਸਮੇਤ ਦੋ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਉਨ੍ਹਾਂ ਦੀ ਸਜ਼ਾ ‘ਤੇ ਦੋ ਸਾਲ ਲਈ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਨੂੰ ਅਜਿਹੇ ਸਮੇਂ ਵਿੱਚ ਸਜ਼ਾ ਸੁਣਾਈ ਗਈ ਹੈ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੇ ਜ਼ੋਰ ਫੜ ਲਿਆ ਹੈ। ਚੀਨ ਵਿੱਚ ਅਗਲੇ ਮਹੀਨੇ ਕਮਿਊਨਿਸਟ ਪਾਰਟੀ ਕਾਂਗਰਸ ਆ ਆਯੋਜਨ ਹੋਣ ਵਾਲਾ ਹੈ, ਜਿਸ ਵਿੱਚ ਸ਼ੀ ਜਿਨਪਿੰਗ ਦੇ ਰਿਕਾਰਡ ਤੀਜੇ ਕਾਰਜਕਾਲ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ।
ਚੀਨ ਦੇ ਸਾਬਕਾ ਨਿਆਂ ਮੰਤਰੀ ਫੂ ਜ਼ੇਂਗੂਆ ਨੂੰ ਉੱਤਰ-ਪੂਰਬੀ ਚੀਨ ਦੇ ਜਿਲਿਨ ਸੂਬੇ ਦੇ ਚਾਂਗਚੁਨ ਦੀ ਇੰਟਰਮੀਡੀਏਟ ਪੀਪਲਜ਼ ਕੋਰਟ ਨੇ ਵੀਰਵਾਰ ਨੂੰ 173 ਮਿਲੀਅਨ ਡਾਲਰ ਦੇ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ। ਹਾਲਾਂਕਿ ਅਦਾਲਤ ਨੇ ਉਸ ਦੀ ਸਜ਼ਾ ਨੂੰ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਘੰਟਿਆਂ ਬਾਅਦ, ਉਸੇ ਅਦਾਲਤ ਨੇ ਜਿਆਂਗਸੂ ਦੇ ਸਾਬਕਾ ਅਧਿਕਾਰੀ ਵਾਂਗ ਲਾਈਕ ਨੂੰ ਵੀ ਇਸੇ ਤਰ੍ਹਾਂ ਦੀ ਸਜ਼ਾ ਸੁਣਾਈ ਅਤੇ ਉਸ ਦੀ ਸਜ਼ਾ ਨੂੰ ਵੀ ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ।