ਨਿਊਜ਼ੀਲੈਂਡ ਦੇ ਲਈ ਇੱਕ ਵਾਰ ਫਿਰ ਤੋਂ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਯੂਕੇ ਅਤੇ ਯੂਐਸ ਦੇ ਦਿੱਗਜ ਮੀਡੀਆ ਅਦਾਰਿਆਂ ਦੇ ਵੱਲੋਂ ਯਾਤਰਾ ਪ੍ਰਕਾਸ਼ਨਾਂ ਨੇ ਰਾਤੋ ਰਾਤ ਆਪਣੀਆਂ ਰੀਡਰਜ਼ ਚੁਆਇਸ ਅਵਾਰਡ ਸੂਚੀਆਂ ਜਾਰੀ ਕੀਤੀਆਂ ਹਨ। ਇਸ ਵਿੱਚ ਵਿਸ਼ਵ ਭਰ ਦੇ ਯਾਤਰੀਆਂ ਦਾ ਸਰਵੇਖਣ ਕਰਕੇ ਜੇਤੂਆਂ ਦਾ ਫੈਸਲਾ ਕੀਤਾ ਜਾਂਦਾ ਹੈ। ਕੌਂਡੇ ਨਾਸਟ ਟ੍ਰੈਵਲਰ (ਯੂ.ਕੇ.) ਅਤੇ ਕੌਂਡੇ ਨਾਸਟ ਟ੍ਰੈਵਲਰ (ਯੂ. ਐੱਸ.) ਦੇ ਵੱਖ-ਵੱਖ ਨਤੀਜੇ ਸਨ। ਯੂਐਸ ਐਡੀਸ਼ਨ ਵਿੱਚ, “ਦੁਨੀਆਂ ਦੇ ਸਿਖਰਲੇ ਦੇਸ਼ਾਂ” ਵਿੱਚ Aotearoa ਪੰਜਵੇਂ ਸਥਾਨ ‘ਤੇ ਹੈ ਜਦਕਿ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ 12ਵੇਂ ਸਥਾਨ ‘ਤੇ ਹੈ।
ਇਸ ਰੈਂਕਿੰਗ ‘ਚ ਜਾਪਾਨ ਪਹਿਲੇ ਨੰਬਰ ‘ਤੇ ਹੈ ਦੂਜੇ ਨੰਬਰ ‘ਤੇ ਇਟਲੀ, ਤੀਜੇ ‘ਤੇ ਗ੍ਰੀਸ ਅਤੇ ਚੌਥੇ ‘ਤੇ ਆਇਰਲੈਂਡ ਹੈ। ਨਿਊਜ਼ੀਲੈਂਡ ਪੰਜਵੇ ਸਥਾਨ ‘ਤੇ ਸਪੇਨ ਅਤੇ ਪੁਰਤਗਾਲ ਕ੍ਰਮਵਾਰ ਛੇਵੇਂ ਅਤੇ ਸੱਤਵੇਂ ਸਥਾਨ ‘ਤੇ ਹਨ। ਉੱਥੇ ਹੀ ਯੂਐਸ ਅਵਾਰਡਾਂ ਵਿੱਚ ਏਅਰ ਨਿਊਜ਼ੀਲੈਂਡ ਨੂੰ ਦੁਨੀਆ ਦੀ ਸੱਤਵੀਂ ਸਰਵੋਤਮ ਅੰਤਰਰਾਸ਼ਟਰੀ ਏਅਰਲਾਈਨ ਵੀ ਦੱਸਿਆ ਗਿਆ ਹੈ। ਸਿੰਗਾਪੁਰ ਏਅਰਲਾਈਨਜ਼ ਨੇ ਇਸ ਸ਼੍ਰੇਣੀ ਵਿੱਚ ਚੋਟੀ ਦਾ ਸਥਾਨ ਹਾਸਿਲ ਕੀਤਾ ਹੈ।
ਉੱਥੇ ਹੀ ਜੇ ਯੂਕੇ ਐਡੀਸ਼ਨ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੀ ਦੁਨੀਆ ਦੇ ਸੱਤਵੇਂ ਸਭ ਤੋਂ ਵਧੀਆ ਦੋਸਤਾਨਾ ਦੇਸ਼ ਵੱਜੋਂ ਪ੍ਰਸ਼ੰਸਾ ਕੀਤੀ ਗਈ ਹੈ। ਕੋਂਡੇ ਨਾਸਟ ਟ੍ਰੈਵਲਰ ਨੇ ਕਿਹਾ, “ਨਿਊਜ਼ੀਲੈਂਡ ਦੇ ਲੋਕ ਆਰਾਮਦਾਇਕ, ਸਕਾਰਾਤਮਕ ਰਵੱਈਏ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ।” ਇਸ ਐਡੀਸ਼ਨ ਮੁਤਾਬਿਕ ਏਅਰ ਨਿਊਜ਼ੀਲੈਂਡ ਦੁਨੀਆ ਦੀਆਂ ਸਰਵੋਤਮ ਏਅਰਲਾਈਨਾਂ ਦੀ ਸੂਚੀ ਵਿੱਚ ਅੱਠਵੇਂ ਸਥਾਨ ‘ਤੇ ਹੈ।