ਅੱਜ ਦੇ ਸਮੇਂ ‘ਚ ਬਹੁਤ ਸਾਰੇ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਕਰੇਜ਼ ਹੈ। ਪਰ ਕਈ ਲੋਕ ਅਜਿਹੇ ਵੀ ਹਨ ਜੋ ਨੌਜਵਾਨਾਂ ਦੇ ਇਸ ਕਰੇਜ਼ ਦਾ ਫਾਇਦਾ ਚੁੱਕ ਰਹੇ ਹਨ। ਇਸ ਤਰਾਂ ਦਾ ਹੁਣ ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਸਭ ਨੂੰ ਸੋਚਾਂ ਦੇ ਵਿੱਚ ਪਾ ਰਿਹਾ ਹੈ। ਦਰਅਸਲ ਸਮਾਣਾ ਦੇ 14 ਨੌਜਵਾਨਾਂ ਨੂੰ ਪਹਿਲਾਂ ਦੁਬਈ ਅਤੇ ਫਿਰ ਅਮਰੀਕਾ ਭੇਜਣ ਦੇ ਬਹਾਨੇ 68 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਸਮਾਣਾ ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਕਰਕੇ ਮੁਲਜ਼ਮ ਟਰੈਵਲ ਏਜੰਟ ਨੂੰ ਨਾਮਜ਼ਦ ਕਰ ਲਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਥਾਣਾ ਸਿਟੀ ਸਮਾਣਾ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਦੋਵੇਂ ਮੁਲਜ਼ਮ 14 ਜੂਨ 2023 ਨੂੰ ਪੀੜ੍ਹਤਾਂ ਦੇ ਸੰਪਰਕ ਵਿੱਚ ਆਏ ਸਨ। ਮੁਲਜ਼ਮਾਂ ਨੇ ਸ਼ਿਕਾਇਤਕਰਤਾ ਅਤੇ ਉਨ੍ਹਾਂ ਦੇ ਜਾਣਕਾਰਾਂ ਨੂੰ ਪਹਿਲਾਂ ਦੁਬਈ ਅਤੇ ਫਿਰ ਅਮਰੀਕਾ ਭੇਜਣ ਦੀ ਗੱਲ ਆਖੀ। ਇਹ ਸੌਦਾ 74 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਸਾਰੇ ਨੌਜਵਾਨਾਂ ਦੀ ਤਰਫੋਂ ਤੈਅ ਰਕਮ ਇਕੱਠੀ ਕੀਤੀ ਗਈ ਅਤੇ ਦੋਸ਼ੀ ਟਰੈਵਲ ਏਜੰਟ ਦੇ ਖਾਤੇ ‘ਚ ਜਮ੍ਹਾ ਕਰ ਦਿੱਤੀ ਗਈ। ਪਰ ਮੁਲਜ਼ਮਾਂ ਨੇ ਕਿਸੇ ਵੀ ਨੌਜਵਾਨ ਨੂੰ ਅਮਰੀਕਾ ਨਹੀਂ ਭੇਜਿਆ। ਜਦੋਂ ਪੈਸੇ ਵਾਪਸ ਮੰਗੇ ਤਾਂ ਸਿਰਫ਼ 5.85 ਲੱਖ ਰੁਪਏ ਹੀ ਵਾਪਿਸ ਕੀਤੇ ਗਏ। 68.15 ਲੱਖ ਰੁਪਏ ਦੀ ਬਾਕੀ ਰਕਮ ਵਾਪਿਸ ਨਹੀਂ ਕੀਤੀ ਗਈ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।