ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉੱਥੇ ਹੀ ਚੋਰੀਆਂ ‘ਚ ਸ਼ਾਮਿਲ ਬੱਚੇ ਵੀ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਹੁਣ ਇਸੇ ਤਰਾਂ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 14 ਤੋਂ 17 ਸਾਲ ਦੀ ਉਮਰ ਦੇ ਚਾਰ ਕਿਸ਼ੋਰਾਂ ਨੂੰ ਰਾਤ ਇੱਕ ਚੋਰੀ ਹੋਏ ਵਾਹਨ ‘ਚ ਭੱਜਦੇ ਸਮੇਂ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਸੀ। ਪਰ ਜਵਾਕ ਰੁਕਣ ਦੀ ਬਜਾਏ ਗੱਡੀ ਭਜਾ ਕੇ ਲੈ ਗਏ। ਇਸ ਮਗਰੋਂ ਕਾਰ ਇੱਕ ਖਾਈ ‘ਚ ਡਿੱਗ ਗਈ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਬੇਅ ਆਫ਼ ਆਈਲੈਂਡਜ਼ ਅਤੇ ਵਾਂਗਾਰੇਈ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਨੇ ਕਰੀਬ 1.20 ਵਜੇ ਕੇਰੀਕੇਰੀ ਦੇ ਪੁਕੇਟੋਨਾ ਰੋਡ ‘ਤੇ ਚੋਰੀ ਹੋਏ ਵਾਹਨ ਦੀ ਡਰਾਈਵਿੰਗ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਸੀ। ਸੁਪਰਡੈਂਟ ਮੈਟ ਸਰੋਜ ਨੇ ਕਿਹਾ ਕਿ ਬਾਅਦ ਵਿੱਚ ਇੱਕ ਪੁਲਿਸ ਯੂਨਿਟ ਨੇ ਰਾਜ ਮਾਰਗ 10 ਦੀ ਦਿਸ਼ਾ ਵਿੱਚ, ਉਸੇ ਸੜਕ ਦੇ ਨਾਲ ਵਾਹਨ ਨੂੰ ਜਾਂਦੇ ਦੇਖਿਆ। ਸਰੋਜ ਨੇ ਦੱਸਿਆ ਕਿ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ, ਪਰ ਪੁਲਿਸ ਨੂੰ ਦੇਖ ਇਹ ਜਵਾਕ ਭੱਜ ਗਏ। ਜਿਸ ਮਗਰੋਂ ਇਹ ਵਾਹਨ ਇੱਕ ਖਾਈ ਵਿੱਚ ਡਿੱਗਿਆ ਮਿਲਿਆ। ਇਸ ਦੌਰਾਨ “ਚਾਰੇ ਜਵਾਕ ਵੀ ਵਾਹਨ ਦੇ ਅੰਦਰ ਸਨ ਅਤੇ ਫਿਰ ਉਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਚਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਬੇ ਆਫ਼ ਆਈਲੈਂਡਜ਼ ਅਤੇ ਵਾਂਗਾਰੇਈ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।