ਪੂਰੀ ਦੁਨੀਆ ਵਿੱਚ ਕਹਿਰ ਮਚਾ ਰਹੀ ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਭਾਵੇਂ ਹੁਣ ਕੋਰੋਨਾ ਦੇ ਨਵੇਂ ਕੇਸਾਂ ‘ਚ ਕਮੀ ਆਈ ਹੈ, ਪਰ ਖਤਰਾ ਅਜੇ ਵੀ ਬਰਕਰਾਰ ਹੈ। ਇਸ ਦੌਰਾਨ ਨਿਊਜ਼ੀਲੈਂਡ ਵਿੱਚ ਮੰਗਲਵਾਰ ਨੂੰ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਕਮਿਊਨਿਟੀ ਵਿੱਚ ਕੋਵਿਡ -19 ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਪਰ ਪਿਛਲੇ 48 ਘੰਟਿਆਂ ਵਿੱਚ ਪ੍ਰਬੰਧਿਤ isolation ਵਿੱਚ ਕੋਵਿਡ -19 ਦੇ ਚਾਰ ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 39 ਹੋ ਗਈ ਹੈ, ਜਦਕਿ 10 ਪਹਿਲਾਂ ਰਿਪੋਰਟ ਕੀਤੇ ਕੇਸ ਹੁਣ ਠੀਕ ਹੋ ਗਏ ਹਨ।
ਕੋਰੋਨਾ ਦੇ ਕਹਿਰ ਦੌਰਾਨ ਪੂਰੇ ਵਿਸ਼ਵ ਦੇ ਵਿੱਚ ਟੀਕਾਕਰਨ ਪ੍ਰੋਗਰਾਮ ਵੀ ਲਗਾਤਾਰ ਜਾਰੀ ਹੈ। ਨਿਊਜ਼ੀਲੈਂਡ ਵਿੱਚ 14 ਅਗਸਤ ਨੂੰ ਰਾਤ 11:59 ਵਜੇ ਤੱਕ, ਕੋਵਿਡ -19 ਫਾਈਜ਼ਰ ਵੈਕਸੀਨ ਦੀਆਂ 2.48 ਮਿਲੀਅਨ ਤੋਂ ਵੱਧ ਖੁਰਾਕਾਂ ਲਗਾਈਆਂ ਜਾਂ ਚੁੱਕੀਆਂ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਇਨ੍ਹਾਂ ਵਿੱਚੋਂ 1.57 ਮਿਲੀਅਨ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ ਜਦਕਿ 910,731 ਨੂੰ ਦੂਜੀ ਖੁਰਾਕ ਲਗਾਈ ਗਈ ਹੈ।