ਵਾਈਹੀ ਵਿੱਚ ਇਲਾਕੇ ਵਿੱਚ ਹੋਈਆਂ ਚੋਰੀਆਂ ਦੇ ਸਬੰਧ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੋ ਨੂੰ ਪੁਲਿਸ ਸਟੇਸ਼ਨ ਦੇ ਕੋਲੋਂ ਲੰਘਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਾਈਹੀ ਦੇ ਸਾਰਜੈਂਟ ਨਾਈਜਲ ਸੈਂਡਰਸਨ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਪੰਦਰਵਾੜੇ ਦੌਰਾਨ ਪਾਰਕਾਂ ਅਤੇ ਇੱਕ ਘਰ ਤੋਂ ਕੱਪੜੇ, ਭੋਜਨ ਅਤੇ ਇੱਕ ਕਾਰ ਚੋਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਜਨਤਾ ਤੋਂ ਮਿਲੀ ਜਾਣਕਾਰੀ ਨੇ ਅਧਿਕਾਰੀਆਂ ਨੂੰ ਸ਼ੱਕੀਆਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ, “ਲੋਕਾਂ ਨੇ ਸਾਨੂੰ ਜੋ ਜਾਣਕਾਰੀ ਦਿੱਤੀ ਸੀ, ਉਸ ਨੇ ਸਾਨੂੰ ਤੇਜ਼ੀ ਨਾਲ ਕਾਰਵਾਈ ਕਰਨ ‘ਚ ਮਦਦ ਕੀਤੀ ਅਤੇ ਦੋ ਮੁਲਜ਼ਮਾਂ ਨੂੰ ਵਾਈਹੀ ਪੁਲਿਸ ਸਟੇਸ਼ਨ ਦੇ ਕੋਲੋਂ ਲੰਘਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ।” ਇੱਕ 31 ਸਾਲਾ ਔਰਤ ਅਤੇ 40 ਸਾਲਾ ਆਦਮੀ, ਦੋਵੇਂ ਕਰਨਗਾਹਕੇ ਦੇ ਰਹਿਣ ਵਾਲੇ ਹਨ। ਇਸ ਇਲਾਵਾ ਆਕਲੈਂਡ ਦੇ ਇੱਕ 48 ਸਾਲਾ ਵਿਅਕਤੀ ਅਤੇ ਵਾਈਹੀ ਦੇ 24 ਸਾਲਾ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
