ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ ਸੋਮਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੰਦੌਰ ਦੇ ਇੱਕ ਫਾਰਮੇਸੀ ਕਾਲਜ ਦੇ ਸਾਬਕਾ ਵਿਦਿਆਰਥੀ ਵੱਲੋਂ ਪ੍ਰਿੰਸੀਪਲ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਵਿਦਿਆਰਥੀ ਨੇ ਕਾਲਜ ਤੋਂ ਮਾਰਕਸ਼ੀਟ ਨਾ ਮਿਲਣ ‘ਤੇ ਪ੍ਰਿੰਸੀਪਲ ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਬੀਐਮ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ 50 ਸਾਲਾ ਵਿਮੁਕਤ ਸ਼ਰਮਾ 80 ਫੀਸਦੀ ਤੱਕ ਸੜ ਗਏ ਹਨ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਦੌਰਾਨ ਸਾਬਕਾ ਵਿਦਿਆਰਥੀ ਵੀ ਕਰੀਬ 40 ਫੀਸਦੀ ਝੁਲਸ ਗਿਆ ਹੈ।
ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ 4 ਵਜੇ ਦੇ ਕਰੀਬ ਜਦੋਂ ਪ੍ਰਿੰਸੀਪਲ ਘਰ ਪਰਤਣ ਲਈ ਆਪਣੀ ਕਾਰ ਵਿੱਚ ਸਵਾਰ ਹੋ ਰਹੀ ਸੀ। ਫਿਰ ਸਾਬਕਾ ਵਿਦਿਆਰਥੀ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਮਾਰਕਸ਼ੀਟ ਨੂੰ ਲੈ ਕੇ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ। ਇਸ ਤੋਂ ਬਾਅਦ ਉਸ ਨੇ ਪ੍ਰਿੰਸੀਪਲ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਬੀਐਮ ਫਾਰਮੇਸੀ ਕਾਲਜ ਇੰਦੌਰ ਦੇ ਬਾਹਰਵਾਰ ਸਿਮਰੋਲ ਖੇਤਰ ਵਿੱਚ ਸਥਿਤ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੁਲਿਸ ਸੁਪਰਡੈਂਟ (ਦਿਹਾਤੀ) ਭਾਗਵਤ ਸਿੰਘ ਵਿਰਦੇ ਨੇ ਕਿਹਾ, “ਪ੍ਰਿੰਸੀਪਲ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਵਿੱਚ ਉਸ ਦਾ ਹੱਥ ਵੀ ਸੜ ਗਿਆ ਸੀ। ਪੁਲਿਸ ਨੇ ਦੱਸਿਆ ਕਿ 22 ਸਾਲਾ ਦੋਸ਼ੀ ਵਿਦਿਆਰਥੀ ਨੇ ਬਾਅਦ ਵਿੱਚ ਨੇੜੇ ਦੇ ਟਿੰਚਾ ਝਰਨੇ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਫਿਲਹਾਲ ਉਸ ਦਾ ਹਿਰਾਸਤ ਵਿਚ ਇਲਾਜ ਕੀਤਾ ਜਾ ਰਿਹਾ ਹੈ। ਨਾਲ ਹੀ, ਪੁਲਿਸ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਕਤ ਵਿਅਕਤੀ ਨੂੰ ਇਸੇ ਮੁੱਦੇ ‘ਤੇ ਕਾਲਜ ਦੇ ਇੱਕ ਪੁਰਸ਼ ਫੈਕਲਟੀ ਮੈਂਬਰ ‘ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ‘ਤੇ ਉਸ ਨੂੰ ਜ਼ਮਾਨਤ ਮਿਲ ਗਈ ਹੈ। ਉਹ ਕੁਝ ਹਫ਼ਤੇ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ।
ਇਸ ਘਟਨਾ ਤੋਂ ਬਾਅਦ ਮੁਲਜ਼ਮਾਂ ਨੂੰ ਲੈ ਕੇ ਕਾਲਜ ਦੇ ਬਾਕੀ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਹੈ। ਕਾਲਜ ਦੇ ਅਧਿਆਪਕਾਂ ਦਾ ਮੰਨਣਾ ਹੈ ਕਿ ਸਿਰਫਿਰਾ ਸਾਬਕਾ ਵਿਦਿਆਰਥੀ ਭਵਿੱਖ ਵਿੱਚ ਉਨ੍ਹਾਂ ‘ਤੇ ਹਮਲਾ ਕਰ ਸਕਦਾ ਹੈ। ਕਿਉਂਕਿ ਉਸ ਨੇ ਕਾਲਜ ਦੇ ਦੋ ਵਿਅਕਤੀਆਂ ‘ਤੇ ਕਾਤਲਾਨਾ ਹਮਲੇ ਨੂੰ ਅੰਜਾਮ ਦਿੱਤਾ ਹੈ।