ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਅਦਾਲਤ ਦਾ ਅਪਮਾਨ ਕਰਨ ਸਬੰਧੀ ਦੋਸ਼ੀ ਠਹਿਰਾਇਆ ਗਿਆ ਅਤੇ ਮੰਗਲਵਾਰ ਨੂੰ 15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ੁਮਾ ਸੁਣਵਾਈ ਦੌਰਾਨ ਅਦਾਲਤ ਵਿੱਚ ਨਹੀਂ ਸਨ ਅਤੇ ਉਨ੍ਹਾਂ ਨੂੰ ਥਾਣੇ ਵਿੱਚ ਆਤਮ ਸਮਰਪਣ ਕਰਨ ਲਈ ਪੰਜ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਪੁਲਿਸ ਮੰਤਰੀ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਦਾ ਆਦੇਸ਼ ਦੇਣਾ ਪਏਗਾ। ਜੈਕਬ ਜ਼ੂਮਾ ਨੂੰ ਜੇਲ੍ਹ ਦੀ ਸਜ਼ਾ ਉਸ ਸਮੇ ਸੁਣਾਈ ਗਈ ਜਦੋਂ ਇੱਕ ਸੰਵਿਧਾਨਕ ਅਦਾਲਤ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਪੇਸ਼ ਹੋਣ ਦੇ ਆਪਣੇ ਆਦੇਸ਼ ਦੀ ਉਲੰਘਣਾ (ਨਜ਼ਰਅੰਦਾਜ਼) ਕਰਨ ਦੇ ਦੋਸ਼ ਵਿੱਚ ਦੋਸ਼ੀ ਪਾਇਆ, ਜਦੋਂ ਉਹ ਰਾਸ਼ਟਰਪਤੀ ਸਨ। ਉਸ ਸਮੇ ਜੈਕਬ ਜ਼ੂਮਾ ਸੱਤਾ ਵਿੱਚ ਸਨ ਅਤੇ ਉਨ੍ਹਾਂ ਦਾ ਕਾਰਜਕਾਲ 2018 ਵਿੱਚ ਖ਼ਤਮ ਹੋਇਆ ਸੀ। ਜੈਕਬ ਜ਼ੂਮਾ ਖਿਲਾਫ ਸਰਕਾਰੀ ਮਾਲੀਆ ਲੁੱਟਣ ਦਾ ਦੋਸ਼ ਹੈ ਜਦੋਂ ਉਹ 2009 ਤੋਂ 2018 ਦਰਮਿਆਨ ਤਕਰੀਬਨ ਨੌਂ ਸਾਲਾਂ ਲਈ ਰਾਸ਼ਟਰਪਤੀ ਅਹੁਦੇ ‘ਤੇ ਸਨ।
ਅਦਾਲਤ ਨੇ ਇਹ ਵੀ ਕਿਹਾ ਕਿ ਹਾਲਾਂਕਿ ਸਜ਼ਾ ਮੁਅੱਤਲ ਨਹੀਂ ਕੀਤੀ ਜਾ ਸਕਦੀ, ਵੱਖ-ਵੱਖ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਪੜਤਾਲ ਕਰਨ ਵਾਲੇ ਕਮਿਸ਼ਨ ਨੇ ਕਿਹਾ ਸੀ ਕਿ ਜ਼ੂਮਾ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਜਾਵੇ। ਪਰ ਜੂਮਾ ਨੇ ਵਾਰ ਵਾਰ ਕਿਹਾ ਹੈ ਕਿ ਕਮਿਸ਼ਨ ਨੂੰ ਸਹਿਯੋਗ ਦੇਣ ਦੀ ਬਜਾਏ ਉਹ ਜੇਲ੍ਹ ਜਾਣਗੇ। ਸੰਵਿਧਾਨਕ ਅਦਾਲਤ ਦੇ ਜਸਟਿਸ ਸੀਸੀ ਖਾਮਪੇਪੇ ਨੇ ਮੰਗਲਵਾਰ ਸਵੇਰੇ ਦਿੱਤੇ ਇੱਕ ਫੈਸਲੇ ਵਿੱਚ, ਉਨ੍ਹਾਂ ਨੇ ਜ਼ੂਮਾ ਦੇ ਬਿਆਨਾਂ ਨੂੰ “ਵਿਅੰਗਾਤਮਕ” ਅਤੇ “ਅਸਹਿ” ਦੱਸਿਆ। ਜਸਟਿਸ ਖਾਮਪੇਪੇ ਨੇ ਕਿਹਾ, “ਸੰਵਿਧਾਨਕ ਅਦਾਲਤ ਨੇ ਇਹ ਸਿੱਟਾ ਕੱਢਿਆ ਹੈ ਕਿ ਜ਼ੂਮਾ ਅਦਾਲਤ ਦੀ ਅਵਮਾਨਨਾ ਦੇ ਦੋਸ਼ੀ ਹਨ।”
ਜੱਜ ਨੇ ਕਿਹਾ, “ਸੰਵਿਧਾਨਕ ਅਦਾਲਤ ਦਾ ਵਿਚਾਰ ਹੈ ਕਿ ਉਹ ਵਿਅਕਤੀ (ਜ਼ੂਮਾ) ਜਿਸਨੇ ਦੋ ਵਾਰ ਗਣਤੰਤਰ (ਦੱਖਣੀ ਅਫਰੀਕਾ), ਇਸ ਦੇ ਕਾਨੂੰਨ ਅਤੇ ਸੰਵਿਧਾਨ ਦੀ ਸਹੁੰ ਚੁੱਕੀ ਹੈ, ਉਸ ਨੇ ਕਾਨੂੰਨ ਦੀ ਅਣਦੇਖੀ ਕੀਤੀ ਹੈ, ਇਸ ਨੂੰ ਕਮਜ਼ੋਰ ਕੀਤਾ ਹੈ ਅਤੇ ਕਈ ਤਰੀਕਿਆਂ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ।” ਖਾਮਪੇਪੇ ਨੇ ਕਿਹਾ,“ਬੈਂਚ ਦੇ ਬਹੁਤੇ ਜੱਜਾਂ ਦਾ ਵਿਚਾਰ ਹੈ ਕਿ ਇੱਕ ਸਖ਼ਤ ਸੰਦੇਸ਼ ਭੇਜਿਆ ਜਾਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਅਣਆਗਿਆਕਾਰੀ ਅਤੇ ਉਲੰਘਣਾ ਗੈਰ ਕਾਨੂੰਨੀ ਹੈ ਅਤੇ ਉਸ ਨੂੰ ਸਜ਼ਾ ਦਿੱਤੀ ਜਾਏਗੀ।” ਜ਼ੂਮਾ ਦਾ ਕਾਰਜਕਾਲ ਤਿੰਨ ਸਾਲ ਪਹਿਲਾਂ ਖ਼ਤਮ ਹੋਣ ਤੋਂ ਕੁੱਝ ਮਹੀਨੇ ਪਹਿਲਾਂ, ਉਸ ਦੀ ਅਫਰੀਕੀ ਨੈਸ਼ਨਲ ਕਾਂਗਰਸ ਪਾਰਟੀ ਨੇ ਜ਼ੂਮਾ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾ ਦਿੱਤਾ ਸੀ। ਜ਼ੂਮਾ ਨੂੰ ਕਈ ਹੋਰ ਅਪਰਾਧਿਕ ਕੇਸਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਸ ਵਿਰੁੱਧ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਹਨ।