ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੰਜ ਸਾਲ ਲਈ ਅਯੋਗ ਕਰਾਰ ਦਿੱਤਾ ਹੈ। ਈਸੀਪੀ (ECP) ਨੇ ਤੋਸ਼ਾ ਖਾਨਾ ਮਾਮਲੇ ਵਿੱਚ ਇਮਰਾਨ ਖਾਨ ਨੂੰ ਭ੍ਰਿਸ਼ਟ ਆਚਰਣ ਦਾ ਦੋਸ਼ੀ ਪਾਇਆ ਹੈ। ਈਸੀਪੀ ਨੇ ਸ਼ੁੱਕਰਵਾਰ (21 ਅਕਤੂਬਰ) ਨੂੰ ਇਹ ਵੀ ਐਲਾਨ ਕੀਤਾ ਹੈ ਕਿ ਇਮਰਾਨ ਖਾਨ ਹੁਣ ਸੰਸਦ ਦੇ ਮੈਂਬਰ ਨਹੀਂ ਰਹੇ ਹਨ। ਈਸੀਪੀ ਦੇ ਫੈਸਲੇ ਅਨੁਸਾਰ, ਇਮਰਾਨ ਖਾਨ ਦੇ ਖਿਲਾਫ ਭ੍ਰਿਸ਼ਟ ਆਚਰਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਮੁੱਖ ਚੋਣ ਕਮਿਸ਼ਨਰ (ਸੀਈਸੀ) ਸਿਕੰਦਰ ਸੁਲਤਾਨ ਰਾਜਾ ਦੀ ਅਗਵਾਈ ਵਾਲੇ ਚਾਰ ਮੈਂਬਰੀ ਬੈਂਚ ਨੇ ਇਸਲਾਮਾਬਾਦ ਵਿੱਚ ਈਸੀਪੀ ਸਕੱਤਰੇਤ ਵਿੱਚ ਇਹ ਫੈਸਲਾ ਸੁਣਾਇਆ ਹੈ। ਇਹ ਫੈਸਲਾ ਪੰਜ ਮੈਂਬਰੀ ਬੈਂਚ ਨੇ ਸਰਬਸੰਮਤੀ ਨਾਲ ਲਿਆ ਹੈ। ਹਾਲਾਂਕਿ ਅੱਜ ਦੇ ਐਲਾਨ ਲਈ ਪੰਜਾਬ ਤੋਂ ਮੈਂਬਰ ਹਾਜ਼ਰ ਨਹੀਂ ਸਨ। ਫੈਸਲੇ ਮੁਤਾਬਿਕ ਇਮਰਾਨ ਖਿਲਾਫ ਗਲਤ ਬਿਆਨ ਦੇਣ ਲਈ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਮੁਖੀ ਇਮਰਾਨ ਖਾਨ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਸੱਤਾ ‘ਚ ਰਹਿੰਦੇ ਹੋਏ ਵਿਦੇਸ਼ੀ ਨੇਤਾਵਾਂ ਤੋਂ ਮਿਲੇ ਤੋਹਫ਼ਿਆਂ ਬਾਰੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਸੀ। ਦੋਸ਼ ਹੈ ਕਿ ਇਮਰਾਨ ਖਾਨ ਨੇ ਤੋਸ਼ਾਖਾਨੇ ਨੂੰ ਤੋਹਫੇ ਵਿਚ ਦਿੱਤੀਆਂ ਕਈ ਘੜੀਆਂ ਇੱਕ ਘੜੀ ਡੀਲਰ ਨੂੰ 15.4 ਕਰੋੜ ਰੁਪਏ ਤੋਂ ਜ਼ਿਆਦਾ ਵਿੱਚ ਵੇਚ ਦਿੱਤੀਆਂ ਹਨ। ਅਗਸਤ ਵਿੱਚ, ਗੱਠਜੋੜ ਸਰਕਾਰ ਨੇ ਤੋਸ਼ਾਖਾਨਾ ਤੋਹਫ਼ਿਆਂ ਦੇ “ਵੇਰਵੇ ਸਾਂਝੇ ਨਾ ਕਰਨ” ਅਤੇ ਉਨ੍ਹਾਂ ਦੀ ਕਥਿਤ ਵਿਕਰੀ ਤੋਂ ਪ੍ਰਾਪਤ ਕਮਾਈ ਲਈ ਇਮਰਾਨ ਖਾਨ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਸੀ।