ਪੰਜਾਬ ‘ਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਯੂਪੀਏ ਸਰਕਾਰ ਵਿੱਚ ਕਾਨੂੰਨ ਮੰਤਰੀ ਰਹਿ ਚੁੱਕੇ ਅਸ਼ਵਨੀ ਕੁਮਾਰ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਪਿਛਲੇ ਦੋ ਸਾਲਾਂ ਵਿੱਚ ਕਈ ਦਿੱਗਜ ਨੇਤਾਵਾਂ ਨੇ ਕਾਂਗਰਸ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਜੋਤੀਰਾਦਿਤਿਆ ਸਿੰਧੀਆ, ਜਤਿਨ ਪ੍ਰਸਾਦ, ਆਰਪੀਐਨ ਸਿੰਘ, ਸੁਸ਼ਮਿਤਾ ਦੇਵ, ਪ੍ਰਿਅੰਕਾ ਚਤੁਰਵੇਦੀ ਸ਼ਾਮਿਲ ਹਨ। ਪਰ ਅਸ਼ਵਨੀ ਕੁਮਾਰ ਦਾ ਕਾਂਗਰਸ ਤੋਂ ਬਾਹਰ ਹੋਣਾ ਸੰਕੇਤ ਦਿੰਦਾ ਹੈ ਕਿ ਪੁਰਾਣੇ ਨੇਤਾਵਾਂ ਦਾ ਵੀ ਪਾਰਟੀ ਦੀ ਸਥਿਤੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਦੋ ਹੋਰ ਦਿੱਗਜਾਂ, ਗੋਆ ਦੇ ਸਾਬਕਾ ਮੁੱਖ ਮੰਤਰੀ ਲੁਈਜ਼ੀਨਹੋ ਫਲੇਰੋ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਹਾਲ ਹੀ ਵਿੱਚ ਪਾਰਟੀ ਤੋਂ ਵੱਖ ਹੋ ਗਏ ਸਨ।
ਅਸ਼ਵਨੀ ਕੁਮਾਰ ਦਾ ਕਾਂਗਰਸ ਤੋਂ ਅਸਤੀਫਾ ਵੀ ਅਚਾਨਕ ਹੈ ਕਿਉਂਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਕੱਟੜ ਵਫ਼ਾਦਾਰ ਸਨ ਅਤੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਸੋਨੀਆ ਗਾਂਧੀ ਦਾ ਬਚਾਅ ਕੀਤਾ ਸੀ ਜਦੋਂ G23 ਨੇਤਾਵਾਂ ਨੇ ਅਗਸਤ 2020 ਵਿੱਚ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਪਾਰਟੀ ਵਿੱਚ ਵਿਆਪਕ ਤਬਦੀਲੀਆਂ ਦੀ ਮੰਗ ਕੀਤੀ ਗਈ ਸੀ।