[gtranslate]

ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਮਰਹੂਮ MP ਸੰਤੋਖ ਚੌਧਰੀ ਦੇ ਭਤੀਜੇ ਤੇ ਸਾਬਕਾ ਵਿਧਾਇਕ ‘AAP’ ‘ਚ ਸ਼ਾਮਿਲ

former kartarpur mla surendra chaudhary joins aap

ਜਲੰਧਰ ਵਿੱਚ ਹੋਣ ਵਾਲੀਆਂ ਲੋਕ ਸਭਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਕਰਾਰਾ ਝਟਕਾ ਲੱਗਿਆ ਹੈ। ਕਰਤਾਰਪੁਰ ਦੇ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ‘ਆਪ’ ‘ਚ ਸ਼ਾਮਿਲ ਹੋ ਗਏ ਹਨ। ਸੁਰਿੰਦਰ ਚੌਧਰੀ ਮਰਹੂਮ ਸੰਤੋਖ ਚੌਧਰੀ ਦੇ ਭਤੀਜੇ ਹਨ। ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਹੈ। ਇਸ ਦੇ ਨਾਲ ਹੀ ਚੌਧਰੀ ਪਰਿਵਾਰ ‘ਚ ਵੀ ਦੋ ਧੜੇ ਬਣ ਗਏ ਹਨ। ਇੱਕ ਕਾਂਗਰਸ ਨਾਲ ਹੈ ਅਤੇ ਦੂਜਾ ‘ਆਪ’ ਨਾਲ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਚੌਧਰੀ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਕਦਮ ਚੁੱਕਿਆ ਹੈ। ਸੁਰਿੰਦਰ ਚੌਧਰੀ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਸਿਰਫ਼ ਭਗਵੰਤ ਮਾਨ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਜਲੰਧਰ ‘ਚ 10 ਮਈ ਨੂੰ ਲੋਕ ਸਭਾ ਉਪ ਚੋਣ ਹੋਣ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਵੀ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਰਿੰਕੂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਸੀ। ਸੁਸ਼ੀਲ ਰਿੰਕੂ ਜਲੰਧਰ ਪੱਛਮੀ ਸੀਟ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ।ਜ਼ਿਮਨੀ ਚੋਣ ਤੋਂ ਪਹਿਲਾਂ ਇਨ੍ਹਾਂ ਦੋਵਾਂ ਆਗੂਆਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

ਜਲੰਧਰ ਲੋਕ ਸਭਾ ਸੀਟ ਨੂੰ ਰਵਾਇਤੀ ਤੌਰ ‘ਤੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਜਲੰਧਰ ਲੋਕ ਸਭਾ ਸੀਟ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਉਨ੍ਹਾਂ ਦੀ ਜਨਵਰੀ ਵਿੱਚ ਜਲੰਧਰ ਦੇ ਫਿਲੌਰ ਵਿਖੇ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ 76 ਸਾਲ ਦੇ ਸਨ। ਦੱਸ ਦੇਈਏ ਕਿ ਜਲੰਧਰ ਸੀਟ ‘ਤੇ 10 ਮਈ ਨੂੰ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।

Leave a Reply

Your email address will not be published. Required fields are marked *