ਜਾਪਾਨ ਤੋਂ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਹਮਲਾ ਹੋਇਆ ਹੈ। ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਗੋਲੀ ਸ਼ਿੰਜੋ ਆਬੇ ਦੀ ਛਾਤੀ ‘ਚ ਲੱਗੀ ਹੈ, ਜਿਸ ਮਗਰੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਆਬੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦਾ ਕਾਫੀ ਖੂਨ ਵਹਿ ਗਿਆ ਸੀ।
ਸ਼ਿੰਜੋ ਆਬੇ ‘ਤੇ ਇਹ ਹਮਲਾ ਨਾਰਾ ਸ਼ਹਿਰ ‘ਚ ਹੋਇਆ ਹੈ। ਹਮਲੇ ਸਮੇਂ ਉਹ ਭਾਸ਼ਣ ਦੇ ਰਹੇ ਸੀ ਤਾਂ ਇਸ ਦੌਰਾਨ ਉਹ ਅਚਾਨਕ ਹੀ ਹੇਠਾਂ ਡਿੱਗ ਗਏ। ਉਨ੍ਹਾਂ ਦੇ ਸਰੀਰ ਵਿਚੋਂ ਖੂਨ ਵੀ ਨਿਕਲ ਰਿਹਾ ਸੀ। ਸ਼ਿੰਜੋ ਆਬੇ ਦੇ ਅਚਾਨਕ ਡਿੱਗਣ ਕਾਰਨ ਉੱਥੇ ਮੌਜੂਦ ਲੋਕਾਂ ਨੂੰ ਕੁੱਝ ਸਮਝ ਨਹੀਂ ਆਇਆ। ਪਰ ਇਸ ਦੌਰਾਨ ਕੁੱਝ ਲੋਕਾਂ ਨੇ ਉੱਥੇ ਗੋਲੀਬਾਰੀ ਵਰਗੀ ਆਵਾਜ਼ ਸੁਣੀ ਸੀ। ਫਿਲਹਾਲ ਇਕ ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਹਮਲੇ ਤੋਂ ਬਾਅਦ ਦੇ ਕੁੱਝ ਵੀਡੀਓ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ‘ਚ ਉਥੇ ਭਗਦੜ ਦੇ ਹਲਾਤ ਸਾਫ਼ ਦਿੱਖ ਰਹੇ ਹਨ।
ਸ਼ਿੰਜੋ ਆਬੇ ਨੇ ਸਾਲ 2020 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੇ ਅਸਤੀਫਾ ਦਿੱਤਾ ਸੀ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ।