PMLA ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਚੰਨੀ ਦਾ ਭਤੀਜਾ ਭੁਪਿੰਦਰ ਸਿੰਘ ਉਰਫ਼ ਹਨੀ ਅਤੇ ਉਸ ਦਾ ਸਾਥੀ ਕੁਦਰਤ ਦੀਪ ਸਿੰਘ ਮੁਲਜ਼ਮ ਹਨ। ਅਦਾਲਤ ਨੇ ਈਡੀ ਦੀ ਚਾਰਜਸ਼ੀਟ ਦੇ ਆਧਾਰ ‘ਤੇ ਇਹ ਦੋਸ਼ ਤੈਅ ਕੀਤੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 3 ਫਰਵਰੀ ਨੂੰ ਭੁਪਿੰਦਰ ਅਤੇ ਕੁਦਰਤ ਦੀਪ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਇਸ ਸਾਲ 31 ਮਾਰਚ ਨੂੰ ਭੁਪਿੰਦਰ ਅਤੇ ਕੁਦਰਤ ਦੀਪ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਭੁਪਿੰਦਰ ਫਿਲਹਾਲ ਜ਼ਮਾਨਤ ‘ਤੇ ਬਾਹਰ ਹੈ।
ਈਡੀ ਨੇ ਇਸ ਸਾਲ ਅਪ੍ਰੈਲ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਵੀ ਪੁੱਛਗਿੱਛ ਕੀਤੀ ਸੀ। ਵਿਸ਼ੇਸ਼ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 1 ਨਵੰਬਰ ਨੂੰ ਕਰੇਗੀ, ਜਿੱਥੇ ਉਨ੍ਹਾਂ ਨੂੰ ਸਜ਼ਾ ਦਾ ਐਲਾਨ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਪੀਐਮਐਲਏ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਦੋਸ਼ ਤੈਅ ਕੀਤੇ ਹਨ। ਈਡੀ ਨੇ ਪੀਐਮਐਲਏ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਰੇਤ ਦੀ ਖੁਦਾਈ ਵਾਲੀ ਥਾਂ ਮੁਲਜ਼ਮ ਕੁਦਰਤਦੀਪ ਸਿੰਘ ਨੂੰ ਅਲਾਟ ਕੀਤੀ ਗਈ ਸੀ।
ਹਾਲਾਂਕਿ, ਭੁਪਿੰਦਰ ਨੇ ਮਾਈਨਿੰਗ ਦੀ ਮਨਜ਼ੂਰੀ ਦੀ ਸੀਮਾ ਨੂੰ ਪਾਰ ਕਰ ਲਿਆ ਸੀ, ਜੋ ਨਿਯਮਾਂ ਦੀ ਉਲੰਘਣਾ ਹੈ। ਈਡੀ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਜਨਵਰੀ ਵਿੱਚ ਜਾਂਚ ਦੌਰਾਨ ਸਬੰਧਿਤ ਮਾਮਲੇ ਵਿੱਚ 10 ਕਰੋੜ ਰੁਪਏ ਵੀ ਜ਼ਬਤ ਕੀਤੇ ਸਨ, ਜੋ ਕਿ ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਕੀਤੇ ਜਾਣ ਦੀ ਸੰਭਾਵਨਾ ਸੀ। ਈਡੀ ਨੇ ਕਿਹਾ ਕਿ ਮਾਮਲੇ ‘ਚ ਪੁੱਛਗਿੱਛ ਅਤੇ ਦਸਤਾਵੇਜ਼ਾਂ ਦੇ ਆਧਾਰ ‘ਤੇ ਡਾਇਰੈਕਟੋਰੇਟ ਨੇ ਕੁਦਰਤਦੀਪ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਸ਼ਾਮਿਲ ਪਾਇਆ। ਕੁਦਰਤਦੀਪ ਨੇ ਡਾਇਰੈਕਟੋਰੇਟ ਆਫ਼ ਮਾਈਨਿੰਗ ਪੰਜਾਬ ਵੱਲੋਂ ਮਈ 2017 ਵਿੱਚ ਕਰਵਾਈ ਗਈ ਈ-ਨਿਲਾਮੀ ਵਿੱਚ ਹਿੱਸਾ ਲਿਆ ਸੀ। ਇਸ ਵਿੱਚ ਉਸਨੇ ਐਚ-1 ਬੋਲੀਕਾਰ ਦੇ ਰੂਪ ਵਿੱਚ ਹਰ ਸਾਲ ਚਾਰ ਕਰੋੜ ਰੁਪਏ ਦੀ ਬੋਲੀ ਜਿੱਤੀ।