ਐਤਵਾਰ ਨੂੰ ਕ੍ਰਿਕਟ ਜਗਤ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਮਹਾਨ ਆਲਰਾਊਂਡਰ ਐਂਡਰਿਊ ਸਾਇਮੰਡਸ ਦੀ ਕੁਈਨਜ਼ਲੈਂਡ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਕੁਈਨਜ਼ਲੈਂਡ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਐਲਿਸ ਰਿਵਰ ਬ੍ਰਿਜ ‘ਤੇ ਗੱਡੀ ਪਲਟਣ ਕਾਰਨ ਵਾਪਰਿਆ ਹੈ। ਆਸਟਰੇਲੀਆਈ ਕ੍ਰਿਕਟ ਲਈ ਇਸ ਸਾਲ ਇਹ ਤੀਜਾ ਵੱਡਾ ਨੁਕਸਾਨ ਹੈ, ਜਦੋਂ ਉਸ ਦੇ ਕਿਸੇ ਕ੍ਰਿਕਟਰ ਦੀ ਮੌਤ ਹੋਈ ਹੈ। ਐਂਡਰਿਊ ਸਾਇਮੰਡਸ ਤੋਂ ਪਹਿਲਾਂ ਸ਼ੇਨ ਵਾਰਨ ਅਤੇ ਰੋਡਨੀ ਮਾਰਸ਼ ਵਰਗੇ ਖਿਡਾਰੀ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਅਤੇ ਹੁਣ ਸਾਇਮੰਡਸ ਦੀ ਮੌਤ ਨਾਲ ਕ੍ਰਿਕਟ ਜਗਤ ਪੂਰੀ ਤਰ੍ਹਾਂ ਸਦਮੇ ‘ਚ ਹੈ। ਪ੍ਰਸ਼ੰਸਕਾਂ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦਾ ਚਹੇਤਾ ਕ੍ਰਿਕਟ ਇਸ ਦੁਨੀਆ ਤੇ ਨਹੀਂ ਰਿਹਾ।
46 ਸਾਲਾ ਸਾਇਮੰਡਸ ਨੂੰ ਆਸਟਰੇਲੀਆ ਦੇ ਜੁਝਾਰੂ ਕ੍ਰਿਕਟਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਾਇਮੰਡਸ ਆਸਟਰੇਲੀਆ ਦੇ ਮਹਾਨ ਕ੍ਰਿਕਟਰ ਰਹੇ ਹਨ, ਪਰ ਉਹ ਵਿਵਾਦਾਂ ਵਿੱਚ ਵੀ ਡੂੰਘੇ ਫਸੇ ਰਹੇ ਨੇ। ਉਨ੍ਹਾਂ ਦੇ ਕਰੀਅਰ ‘ਚ ਅਜਿਹੇ ਕਈ ਵਿਵਾਦ ਹਨ, ਜੋ ਪੂਰੀ ਦੁਨੀਆ ‘ਚ ਮਸ਼ਹੂਰ ਹਨ। ਭਾਵੇਂ ਪੱਬ ‘ਚ ਲੜਨਾ ਹੋਵੇ ਜਾਂ ਮੈਦਾਨ ‘ਤੇ ਕਿਸੇ ਨਾਲ ਲੜਾਈ ਹੋਵੇ, ਸਾਇਮੰਡਸ ਦੇ ਨਾਂ ‘ਤੇ ਕਈ ਵਿਵਾਦ ਹੋਏ ਹਨ। ਅਜਿਹਾ ਹੀ ਇੱਕ ਵਿਵਾਦ ਹੈ ‘ਮੰਕੀਗੇਟ’। ਇਸ ਵਿੱਚ ਸਾਇਮੰਡਸ ਦਾ ਹਰਭਜਨ ਸਿੰਘ ਨਾਲ ਝਗੜਾ ਹੋ ਗਿਆ ਸੀ। ਦਰਅਸਲ, ਇਹ ਗੱਲ 2007-08 ਦੀ ਹੈ, ਜਦੋਂ ਭਾਰਤੀ ਟੀਮ ਆਸਟ੍ਰੇਲੀਆ ਦੌਰੇ ‘ਤੇ ਸੀ। ਇਸ ਦੌਰਾਨ ਸੀਰੀਜ਼ ਦਾ ਦੂਜਾ ਮੈਚ 6 ਜਨਵਰੀ 2008 ਨੂੰ ਸਿਡਨੀ ਵਿੱਚ ਖੇਡਿਆ ਜਾ ਰਿਹਾ ਸੀ। ਇਸ ਟੈਸਟ ‘ਚ ਸਾਇਮੰਡਸ ਬੱਲੇਬਾਜ਼ੀ ਕਰ ਰਹੇ ਸਨ। ਉਦੋਂ ਹਰਭਜਨ ਨਾਲ ਸਾਇਮੰਡਸ ਦੀ ਤਕਰਾਰ ਹੋਈ ਸੀ। ਬਾਅਦ ਵਿਚ ਸਾਇਮੰਡਸ ਨੇ ਦੋਸ਼ ਲਗਾਇਆ ਸੀ ਕਿ ਭੱਜੀ ਨੇ ਉਸ ਨੂੰ ਮੌਂਕੀ ਕਿਹਾ। ਇਸ ਤੋਂ ਬਾਅਦ ਹਰਭਜਨ ‘ਤੇ ਵੀ ਤਿੰਨ ਟੈਸਟ ਮੈਚਾਂ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਇਸ ਮਗਰੋਂ ਮਾਮਲਾ ਸਿਡਨੀ ਕੋਰਟ ਪਹੁੰਚ ਕੇ ਖਤਮ ਹੋਇਆ ਸੀ।
ਉੱਥੇ ਹੀ ਹੁਣ ਸਾਇਮੰਡਸ ਦੀ ਮੌਤ ਤੇ ਹਰਭਜਨ ਸਿੰਘ ਨੇ ਇੱਕ ਟਵੀਟ ਕਰ ਕਿਹਾ ਕਿ ਕਿਹਾ, ‘ਐਂਡਰਿਊ ਸਾਇਮੰਡਸ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਹੈਰਾਨ ਹਾਂ। ਉਹ ਜਲਦੀ ਹੀ ਚਲਾ ਗਿਆ. ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ। ਦੱਸ ਦੇਈਏ ਕਿ ਐਂਡਰਿਊ ਸਾਇਮੰਡਸ ਨੇ ਸਾਲ 1998 ਚ ਆਪਣਾ ਵਨਡੇ ਡੈਬਿਊ ਕੀਤਾ ਸੀ। ਸਾਇਮੰਡਸ ਨੇ ਆਸਟ੍ਰੇਲੀਆ ਲਈ 198 ਵਨਡੇ ਮੈਚਾਂ ਵਿੱਚ 5088 ਦੌੜਾਂ ਬਣਾਈਆਂ ਸਨ, ਜਿਸ ਵਿੱਚ 5 ਸੈਂਕੜੇ ਅਤੇ 30 ਅਰਧ ਸੈਂਕੜੇ ਸ਼ਾਮਿਲ ਸਨ। ਸਾਇਮੰਡਸ ਨੇ 8 ਮਾਰਚ 2004 ਨੂੰ ਆਪਣਾ ਟੈਸਟ ਡੈਬਿਊ ਕੀਤਾ ਅਤੇ 26 ਮੈਚਾਂ ਵਿੱਚ 1462 ਦੌੜਾਂ ਬਣਾਈਆਂ ਸਨ।