ਸਾਬਕਾ ਆਲਰਾਊਂਡਰ ਕ੍ਰਿਸ ਕੇਰਨਸ ਦੇ ਸੰਬੰਧ ਵਿੱਚ ਨਿਊਜ਼ੀਲੈਂਡ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਫਿਰ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਅਜੇ ਵੀ ਕ੍ਰਿਸ ਕੇਰਨਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਕ੍ਰਿਸ ਕੇਰਨਸ ਨੂੰ ਬਚਾਉਣ ਲਈ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਕੀਤਾ ਗਿਆ ਸੀ, ਪਰ ਇਸ ਆਪਰੇਸ਼ਨ ਤੋਂ ਬਾਅਦ ਕ੍ਰਿਸ ਕੇਰਨਸ ਦੇ ਪੈਰਾਂ ਨੂੰ ਅਧਰੰਗ ਹੋ ਗਿਆ ਹੈ। ਕੇਰਨਸ ਕੈਨਬਰਾ ਵਾਪਿਸ ਆ ਗਏ ਹਨ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਸਿਡਨੀ ਵਿੱਚ ਉਨ੍ਹਾਂ ਦੇ ਦਿਲ ਦੇ ਆਪਰੇਸ਼ਨ ਦੌਰਾਨ ਕਈ ਪੇਚੀਦਗੀਆਂ ਸਾਹਮਣੇ ਆਈਆਂ। ਕੇਰਨਸ ਦੇ ਵਕੀਲ ਐਰੋਨ ਲੋਇਡ ਨੇ ਸ਼ੁੱਕਰਵਾਰ ਨੂੰ ਇੱਕ ਚੈੱਨਲ ਨੂੰ ਬਿਆਨ ਦਿੱਤਾ ਅਤੇ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਦਿੱਤੀ। ਕੇਰਨਸ ਦੇ ਵਕੀਲ ਐਰੋਨ ਲੋਇਡ ਨੇ ਉਨ੍ਹਾਂ ਦੀਆਂ ਲੱਤਾਂ ਨੂੰ ਅਧਰੰਗ ਹੋਣ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ, “ਕੇਰਨਸ ਦੀ ਜਾਨ ਬਚਾਉਣ ਲਈ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਹੋਇਆ ਜਿਸ ਦੌਰਾਨ ਉਹ spinal stroke ਦਾ ਸ਼ਿਕਾਰ ਹੋਏ। ਇਸ ਕਾਰਨ ਉਨ੍ਹਾਂ ਦੀਆਂ ਲੱਤਾਂ ਨੂੰ ਅਧਰੰਗ ਹੋ ਗਿਆ ਹੈ।” ਫਿਲਹਾਲ ਕੇਰਨਸ ਆਸਟ੍ਰੇਲੀਆ ਵਿੱਚ ਰਹਿ ਕੇ ਹੀ ਆਪਣਾ ਇਲਾਜ ਜਾਰੀ ਰੱਖਣਗੇ। ਐਰੋਨ ਲੋਇਡ ਨੇ ਕਿਹਾ, “ਕੇਰਨਸ ਆਸਟ੍ਰੇਲੀਆ ਵਿੱਚ ਰਹਿਣਗੇ। ਹੁਣ ਉਹ ਆਸਟ੍ਰੇਲੀਆ ਵਿੱਚ ਰੀੜ੍ਹ ਦੀ ਹੱਡੀ ਦੇ ਲਈ ਇੱਕ ਵਿਸ਼ੇਸ਼ ਹਸਪਤਾਲ ਵਿੱਚ ਇਲਾਜ ਕਰਵਾਉਣਗੇ।” ਹਾਲਾਂਕਿ, ਕੇਰਨਸ ਇਸ ਸਮੇਂ ਦੌਰਾਨ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਗੇ। ਕੇਰਨਸ ਦੀ ਪਤਨੀ ਆਸਟ੍ਰੇਲੀਆ ਵਿੱਚ ਹੈ। ਇਸ ਤੋਂ ਇਲਾਵਾ ਕੇਰਨਸ ਦੇ ਦੋ ਬੱਚੇ ਵੀ ਹਨ। ਸਾਹਮਣੇ ਆਈ ਜਾਣਕਾਰੀ ਅਨੁਸਾਰ ਕੇਰਨਸ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸ ਦੇ ਬੱਚੇ ਅਤੇ ਪਤਨੀ ਵੱਧ ਤੋਂ ਵੱਧ ਸਮਾਂ ਉਸ ਦੇ ਨਾਲ ਰਹਿਣਾ ਚਾਹੁੰਦੇ ਹਨ।
ਕੇਰਨਸ ਨੇ 1989 ਵਿੱਚ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ, ਉਨ੍ਹਾਂ ਨੇ ਨਿਊਜ਼ੀਲੈਂਡ ਲਈ 62 ਟੈਸਟ ਮੈਚਾਂ ਵਿੱਚ 3320 ਦੌੜਾਂ ਬਣਾਈਆਂ ਸਨ। ਉਨ੍ਹਾਂ ਦੇ ਨਾਂ 215 ਵਨਡੇ ਮੈਚਾਂ ਵਿੱਚ 4950 ਦੌੜਾਂ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 9 ਸੈਂਕੜੇ ਅਤੇ 48 ਅਰਧ ਸੈਂਕੜੇ ਵੀ ਬਣਾਏ ਸੀ। ਗੇਂਦ ਦੇ ਨਾਲ ਵੀ ਕੇਰਨਸ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਨਿਊਜ਼ੀਲੈਂਡ ਦੇ ਇਸ ਮਹਾਨ ਆਲਰਾਊਂਡਰ ਨੇ ਟੈਸਟ ਮੈਚਾਂ ਵਿੱਚ 218 ਅਤੇ ਵਨਡੇ ਵਿੱਚ 201 ਵਿਕਟਾਂ ਲਈਆਂ ਸਨ। ਟੈਸਟ ਵਿੱਚ, ਉਸ ਨੇ 13 ਵਾਰ ਪੰਜ ਵਿਕਟਾਂ ਲਈਆਂ ਅਤੇ ਇੱਕ ਵਾਰ ਮੈਚ ਵਿੱਚ 10 ਵਿਕਟਾਂ ਲਈਆਂ ਸਨ। ਜੇਕਰ ਘਰੇਲੂ ਕ੍ਰਿਕਟ ‘ਚ ਕ੍ਰੇਨਸ ਦੇ ਪ੍ਰਦਰਸ਼ਨ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਉਸ ਨੇ 21 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ 1100 ਤੋਂ ਜ਼ਿਆਦਾ ਵਿਕਟਾਂ ਲਈਆਂ ਸਨ।