ਐਤਵਾਰ ਨੂੰ ਜਲੰਧਰ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਐਤਵਾਰ ਨੂੰ ਸੀਨੀਅਰ ਅਕਾਲੀ ਆਗੂ ਅਤੇ ਆਦਮਪੁਰ ਦੇ ਸਾਬਕਾ ਵਿਧਾਇਕ ਪਵਨ ਟੀਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਹਾਊਸ ਵਿਖੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਦੀ ਸ਼ਮੂਲੀਅਤ ਸੀ.ਐਮ ਮਾਨ ਵੱਲੋਂ ਕਰਵਾਈ ਗਈ ਹੈ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕਈ ਸਮਰਥਕ ਵੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਿਲ ਹੋ ਗਏ ਹਨ।
ਟੀਨੂੰ ਦੇ ‘ਆਪ’ ਵਿੱਚ ਸ਼ਾਮਿਲ ਹੋਣ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ ਪਰ ਕੱਲ੍ਹ ਦੀ ਰੈਲੀ ਦੌਰਾਨ ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੇ ਦੱਬੀ ਆਵਾਜ਼ ਵਿਚ ਇਹ ਕਿਹਾ ਸੀ ਕਿ ਜੋ ਵੀ ਹੋਵੇਗਾ, ਸਾਹਮਣੇ ਆ ਜਾਵੇਗਾ। ਚਰਚਾ ਹੈ ਕਿ ਟੀਨੂੰ ਜਲੰਧਰ ਸੀਟ ਤੋਂ ‘ਆਪ’ ਦੇ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ। ਟੀਨੂੰ ਦੇ ਨਾਲ ਅਕਾਲੀ ਆਗੂ ਗੁਰਚਰਨ ਸਿੰਘ ਚੰਨੀ ਵੀ ‘ਆਪ’ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।