ਅਮਰੀਕਾ ਦੇ ਫਲੋਰੀਡਾ ‘ਚ ‘ਇਆਨ ਤੂਫ਼ਾਨ’ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਇਸ ਭਿਆਨਕ ਤੂਫਾਨ ਨੇ ਫਲੋਰੀਡਾ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਇਸ ਕਾਰਨ ਕਈ ਇਮਾਰਤਾਂ ਅਤੇ ਵਾਹਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇੰਨਾ ਹੀ ਨਹੀਂ ਸ਼ਹਿਰ ਵਿੱਚ ਕਈ ਦਰੱਖਤ ਵੀ ਪੁੱਟੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੂਫਾਨ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤ ‘ਇਆਨ’ ਕਾਰਨ ਸ਼ਹਿਰ ‘ਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਲੋਰੀਡਾ ਅਤੇ ਕੈਰੋਲੀਨਾ ਦੇ ਨਿਵਾਸੀ ਹੁਣ ਇਸ ਤੂਫਾਨ ਤੋਂ ਉਭਰ ਰਹੇ ਹਨ। ਤੂਫਾਨ ਕਾਰਨ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਤੂਫਾਨ ਨੂੰ ਲੈ ਕੇ ਦਿਖਾਏ ਗਏ ਰਿਸਪੌਂਸ ਨੂੰ ਲੈ ਕੇ ਕੁਝ ਅਧਿਕਾਰੀਆਂ ਦੀ ਆਲੋਚਨਾ ਵੀ ਹੋ ਰਹੀ ਹੈ।
‘ਇਆਨ’ ਦੇ ਕਹਿਰ ਤੋਂ ਬਾਅਦ ਹੁਣ ਹੜ੍ਹ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਸਰਚ ਟੀਮਾਂ ਨੇ ਕੱਟੇ ਹੋਏ ਇਲਾਕਿਆਂ ‘ਚ ਜਾਣਾ ਸ਼ੁਰੂ ਕਰ ਦਿੱਤਾ ਹੈ। ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ। ਕਿਉਂਕਿ ਹੁਣ ਸਰਚ ਟੀਮਾਂ ਉਨ੍ਹਾਂ ਇਲਾਕਿਆਂ ਦਾ ਵੀ ਦੌਰਾ ਕਰਨਗੀਆਂ, ਜਿੱਥੇ ਤੂਫਾਨ ਕਾਰਨ ਪਹੁੰਚਣਾ ਮੁਸ਼ਕਿਲ ਹੋ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਹੁਣ ਤੱਕ 85 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧਣ ਦੀ ਪੂਰੀ ਸੰਭਾਵਨਾ ਹੈ। ਇਆਨ ਕਾਰਨ ਬੁੱਧਵਾਰ ਨੂੰ 150 ਮੀਲ ਪ੍ਰਤੀ ਘੰਟਾ (240 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਿਨ੍ਹਾਂ ਨੇ ਫਲੋਰੀਡਾ ਦੇ ਕਈ ਖੇਤਰਾਂ ਨੂੰ ਤਬਾਹ ਕਰ ਦਿੱਤਾ। ਮੌਤਾਂ ਦੇ ਅੰਕੜੇ ਫਲੋਰੀਡਾ ਰਾਜ ਦੇ ਡਾਕਟਰਾਂ ਦੀ ਟੀਮ ਦੁਆਰਾ ਤਿਆਰ ਕੀਤੇ ਗਏ ਸਨ। ਉਨ੍ਹਾਂ ਮੁਤਾਬਿਕ ਤੂਫਾਨ ਤੋਂ ਬਾਅਦ ਆਏ ਹੜ੍ਹਾਂ ‘ਚ ਡੁੱਬਣ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਦੀ ਵਿੱਚ ਆਏ ਹੜ੍ਹ ਨੇ ਬਚਾਅ ਕਾਰਜਾਂ ਅਤੇ ਸਪਲਾਈ ਚੇਨ ਬਹਾਲ ਕਰਨ ਵਿੱਚ ਰੁਕਾਵਟ ਪਾਈ। ਮੀਆਂਕਾ ਨਦੀ ਵਿੱਚ ਹੜ੍ਹ ਕਾਰਨ ਅੰਤਰ ਰਾਜ ਰੂਟ 75 ਦੇ ਕੁੱਝ ਹਿੱਸੇ ਵਹਿ ਗਏ, ਜਿਸ ਕਾਰਨ ਸ਼ਨੀਵਾਰ ਨੂੰ ਇਸ ‘ਤੇ ਆਵਾਜਾਈ ਨੂੰ ਮੁਅੱਤਲ ਕਰਨਾ ਪਿਆ। ਅਧਿਕਾਰੀਆਂ ਮੁਤਾਬਿਕ ਉੱਤਰੀ ਕੈਰੋਲੀਨਾ ਵਿੱਚ ਜ਼ਿਆਦਾਤਰ ਮੌਤਾਂ ਦਰੱਖਤ ਡਿੱਗਣ ਅਤੇ ਬਿਜਲੀ ਡਿੱਗਣ ਕਾਰਨ ਹੋਈਆਂ ਹਨ। ਤੂਫਾਨ ਕਾਰਨ ਸੂਬੇ ਦੇ 2.80 ਲੱਖ ਘਰਾਂ ‘ਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਇਸ ਤੂਫਾਨ ਬਾਰੇ ਕਿਹਾ ਹੈ ਕਿ ਇਹ ਫਲੋਰੀਡਾ ਦੇ ਇਤਿਹਾਸ ਦਾ ਸਭ ਤੋਂ ਖਤਰਨਾਕ ਤੂਫਾਨ ਹੈ।