ਚੀਨ ਇਸ ਸਮੇਂ ਪਾਣੀ ਦੀ ਮਾਰ ਨਾਲ ਜੂਝ ਰਿਹਾ ਹੈ। ਕੇਂਦਰੀ ਚੀਨ ਵਿੱਚ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ ਅਤੇ ਜਦਕਿ 10 ਅਰਬ ਡਾਲਰ ਦੇ ਨੁਕਸਾਨ ਦਾ ਖਦਸਾ ਜਤਾਇਆ ਜਾਂ ਰਿਹਾ ਹੈ। ਸ਼ੁੱਕਰਵਾਰ ਨੂੰ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੂਬਾਈ ਸੰਕਟਕਾਲੀਨ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਲੱਗਭਗ 1000 ਸਾਲਾਂ ਬਾਅਦ ਹੋਈ ਭਾਰੀ ਬਾਰਿਸ਼ ਨੇ ਹੇਨਾਨ ਸੂਬੇ ਵਿੱਚ ਤਕਰੀਬਨ 30 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕੁੱਲ 376,000 ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਿਆ ਗਿਆ ਹੈ।
ਇੱਕ ਸਰਕਾਰੀ ਅਖਬਾਰ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਝਾਂਗਜ਼ੌ ਦੀ ਸੂਬਾਈ ਰਾਜਧਾਨੀ ਹੇਨਾਨ ਵਿੱਚ ਬਾਰਿਸ਼ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ। ਆਰਥਿਕ ਨੁਕਸਾਨ 10 ਅਰਬ ਡਾਲਰ ਹੋ ਗਿਆ ਹੈ। ਲੱਗਭਗ 1.2 ਕਰੋੜ ਦੀ ਆਬਾਦੀ ਵਾਲੇ ਝਾਂਗਜ਼ੌ ਸ਼ਹਿਰ ਵਿੱਚ ਫਿਲਹਾਲ ਜ਼ਿੰਦਗੀ ਇੱਕ ਫਿਰ ਪਟੜੀ ‘ਤੇ ਵਾਪਿਸ ਆ ਰਹੀ ਹੈ, ਅਤੇ ਬਚਾਅ ਕਰਮਚਾਰੀ ਹੜ੍ਹਾਂ ਵਿੱਚ ਫਸੇ ਹਜ਼ਾਰਾਂ ਲੋਕਾਂ ਦੀ ਮਦਦ ਕਰ ਰਹੇ ਹਨ। ਵੀਰਵਾਰ ਨੂੰ ਅਧਿਕਾਰੀ ਮਰੀਜ਼ਾਂ ਨੂੰ ਬਚਾਉਣ ਲਈ ਰਵਾਨਾ ਹੋਏ ਕਿਉਂਕਿ ਹਸਪਤਾਲ ਹੜ੍ਹਾਂ ਵਿੱਚ ਡੁੱਬ ਗਏ ਸਨ।