ਪੰਜਾਬ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਖਾਸ ਕਰ ਉਨ੍ਹਾਂ ਲੋਕਾਂ ਲਈ ਜੋ ਆਪਣੇ ਕਾਰੋਬਾਰ ਕਾਰਨ ਜਿਆਦਾਤਰ ਸਫ਼ਰ ‘ਤੇ ਰਹਿੰਦੇ ਹਨ। ਦਰਅਸਲ ਸੋਮਵਾਰ ਤੋਂ ਦਿੱਲੀ ਅਤੇ ਬਠਿੰਡਾ ਦਰਮਿਆਨ ਹਵਾਈ ਸੇਵਾ ਮੁੜ ਸ਼ੁਰੂ ਹੋ ਗਈ ਹੈ। ਦਿੱਲੀ ਤੋਂ ਬਠਿੰਡਾ ਪਹਿਲੀ ਫਲਾਈਟ ਵਿੱਚ 10 ਯਾਤਰੀਆਂ ਨੇ ਸਫਰ ਕੀਤਾ ਅਤੇ ਬਠਿੰਡਾ ਤੋਂ ਦਿੱਲੀ ਪਹਿਲੀ ਫਲਾਈਟ ਵਿੱਚ 14 ਯਾਤਰੀਆਂ ਨੇ ਸਫਰ ਕੀਤਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਦਾ ਸਵਾਗਤ ਕੀਤਾ।
ਡੀਸੀ ਸ਼ੌਕਤ ਅਹਿਮਦ ਪਰੇ ਅਤੇ ਸਿਵਲ ਏਅਰਪੋਰਟ ਵਿਰਕ ਕਲਾਂ (ਬਠਿੰਡਾ) ਦੇ ਡਾਇਰੈਕਟਰ ਦਵਿੰਦਰ ਪ੍ਰਸਾਦ ਨੇ ਬਠਿੰਡਾ ਤੋਂ ਦਿੱਲੀ ਜਾਣ ਵਾਲੇ ਪਹਿਲੇ ਯਾਤਰੀ ਪ੍ਰਣਬ ਕਨੋਦੀਆ ਦਾ ਸਵਾਗਤ ਕੀਤਾ ਅਤੇ ਕੇਕ ਕੱਟਿਆ। ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਡਾਣ ਭਰੇਗੀ। ਤੁਹਾਨੂੰ ਦੱਸ ਦੇਈਏ ਕਿ ਬਠਿੰਡਾ-ਦਿੱਲੀ ਅਤੇ ਜੰਮੂ ਲਈ ਹਵਾਈ ਸੇਵਾ 2016 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਹ ਸੇਵਾ 2020 ਵਿੱਚ ਕੋਰੋਨਾ ਕਾਰਨ ਬੰਦ ਕਰ ਦਿੱਤੀ ਗਈ ਸੀ।