ਆਕਲੈਂਡ ਹਵਾਈ ਅੱਡੇ ‘ਤੇ ਅੱਜ ਯਾਤਰੀਆਂ ਨੂੰ ਖੱਜਲ-ਖੁਆਰ ਹੋਣਾ ਪਿਆ ਹੈ, ਕਿਉਂਕ ਅੱਜ ਦਰਜਨ ਤੋਂ ਵੱਧ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਆਕਲੈਂਡ ਹਵਾਈ ਅੱਡੇ ‘ਤੇ ਅੱਜ ਸਵੇਰੇ ਧੁੰਦ ਕਾਰਨ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ ਯਾਤਰੀਆਂ ਨੂੰ ਉਡਾਣਾਂ ਦੇ ਰੱਦ ਹੋਣ ਅਤੇ ਦੇਰੀ ਦੀ ਉਮੀਦ ਕਰਨ ਲਈ ਚੇਤਾਵਨੀ ਦਿੱਤੀ ਗਈ ਹੈ। ਆਕਲੈਂਡ ਦਾ ਬਹੁਤਾ ਹਿੱਸਾ ਧੁੰਦ ਦੀ ਸੰਘਣੀ ਚਾਦਰ ‘ਚ ਲਿਪਟਿਆ ਹੋਇਆ ਹੈ। ਹਵਾਈ ਅੱਡੇ ਨੇ ਸਵੇਰੇ 7.40 ਵਜੇ ਇੱਕ ਬਿਆਨ ਵਿੱਚ ਕਿਹਾ, “ਏਅਰ ਨਿਊਜ਼ੀਲੈਂਡ ਨੇ ਪੁਸ਼ਟੀ ਕੀਤੀ ਹੈ ਕਿ ਲਗਭਗ 13 ਘਰੇਲੂ ਖੇਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਧੁੰਦ ਕਾਰਨ ਤਿੰਨ ਘਰੇਲੂ ਖੇਤਰੀ ਉਡਾਣਾਂ ਵਿੱਚ ਦੇਰੀ ਹੋਈ ਹੈ।”
ਵੈਲਿੰਗਟਨ, ਕ੍ਰਾਈਸਟਚਰਚ, ਡੁਨੇਡਿਨ ਅਤੇ ਕੁਈਨਸਟਾਉਨ ਲਈ ਮੁੱਖ ਟਰੰਕ ਘਰੇਲੂ ਉਡਾਣਾਂ ਧੁੰਦ ਕਾਰਨ ਪ੍ਰਭਾਵਿਤ ਨਹੀਂ ਹੋਈਆਂ ਹਨ। ਇਸ ਤੋਂ ਇਲਾਵਾ ਧੁੰਦ ਕਾਰਨ ਅੰਤਰਰਾਸ਼ਟਰੀ ਉਡਾਣਾਂ ਵੀ ਪ੍ਰਭਾਵਿਤ ਨਹੀਂ ਹੋਈਆਂ ਹਨ। ਹਾਲਾਂਕਿ ਹਵਾਈ ਅੱਡੇ ਦੀ ਵੈੱਬਸਾਈਟ ‘ਤੇ ਚਾਰ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਵਜੋਂ ਸੂਚੀਬੱਧ ਕੀਤਾ ਗਿਆ ਹੈ। ਰੱਦ ਕੀਤੀਆਂ ਸਾਰੀਆਂ ਚਾਰ ਉਡਾਣਾਂ ਸਵੇਰੇ 6.30 ਵਜੇ ਚਿਲੀ ਲਈ ਰਵਾਨਾ ਹੋਣ ਵਾਲੀਆਂ ਸਨ। ਹਵਾਈ ਅੱਡੇ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਉਡਾਣ ਦੀ ਨਵੀਨਤਮ ਜਾਣਕਾਰੀ ਲਈ ਆਪਣੀ ਏਅਰਲਾਈਨ ਤੋਂ ਪਤਾ ਕਰਨਾ ਚਾਹੀਦਾ ਹੈ।