ਐਤਵਾਰ ਰਾਤ ਨੂੰ ਆਕਲੈਂਡ ‘ਚ ਇੱਕ ਚੋਰੀ ਹੋਏ ਵਾਹਨ ਦਾ ਪੁਲਿਸ ਨੇ ਪਿੱਛਾ ਕਰਨ ਤੋਂ ਬਾਅਦ ਕਿਸ਼ੋਰਾਂ ਦਾ ਇੱਕ ਸਮੂਹ ਹਿਰਾਸਤ ਵਿੱਚ ਲਿਆ ਹੈ, ਹਾਲਾਂਕਿ ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਚੋਰੀ ਹੋਈ ਗੱਡੀ ਪੁਲਿਸ ਨੇ ਪਹਿਲਾਂ ਪਾਪਾਕੁਰਾ ਵਿਖੇ ਰਾਤ 10.10 ਵਜੇ ਰਾਜ ਮਾਰਗ 1 ‘ਤੇ ਦੇਖੀ ਸੀ ਫਿਰ ਪੁਲਿਸ ਦੇ ਈਗਲ ਹੈਲੀਕਾਪਟਰ ਨੇ ਇਸ ਨੂੰ ਟਰੈਕ ਕੀਤਾ ਸੀ ਅਖੀਰ ਗੱਡੀ ਉੱਤਰੀ ਕਿਨਾਰੇ ‘ਤੇ ਵੈਰੌ ਘਾਟੀ ਵਿੱਚ ਰੁਕੀ ਸੀ ਕਿਉਂਕਿ ਅਧਿਕਾਰੀਆਂ ਨੇ ਵਾਹਨ ਨੂੰ ਘੇਰ ਲਿਆ ਸੀ।
ਇਸ ਦੌਰਾਨ ਡਰਾਈਵਰ ਨੇ ਭੱਜਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਪੁਲਿਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ‘ਚ ਸਵਾਰ ਦੋ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਪੁਲਿਸ ਦੀ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਇਸ ਮਗਰੋਂ ਗੱਡੀ ਵਿੱਚ ਸਵਾਰ ਪੰਜ ਨੌਜਵਾਨਾਂ, ਜਿਨ੍ਹਾਂ ਦੀ ਉਮਰ 13 ਤੋਂ 17 ਸਾਲ ਸੀ, ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।