ਮੰਗਲਵਾਰ ਸ਼ਾਮ ਨੂੰ ਏਪੁਨੀ ਦੇ ਲੋਅਰ ਹੱਟ ਉਪਨਗਰ ਵਿੱਚ ਪੁਲਿਸ ਅਧਿਕਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਇੱਕ ਡਰਾਈਵਰ ਨੇ ਤਿੰਨ ਪੁਲਿਸ ਕਾਰਾਂ ਸਮੇਤ ਚਾਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੇ ਕਿਹਾ ਕਿ ਘਟਨਾ ਵਿੱਚ ਪੰਜ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਮਗਰੋਂ ਇੱਕ 49 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬੁੱਧਵਾਰ ਨੂੰ ਅਦਾਲਤ ਵਿੱਚ ਕਈ ਦੋਸ਼ਾਂ ‘ਚ ਪੇਸ਼ ਕੀਤਾ ਜਾਵੇਗਾ। ਵੈਲਿੰਗਟਨ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਕੋਰੀ ਪਾਰਨੇਲ ਨੇ ਕਿਹਾ ਕਿ ਸ਼ੱਕੀ ਵਿਵਹਾਰ ਦੀ ਰਿਪੋਰਟ ਤੋਂ ਬਾਅਦ ਮੰਗਲਵਾਰ ਸ਼ਾਮ 5.25 ਵਜੇ ਟ੍ਰਿਨਿਟੀ ਐਵੇਨਿਊ ‘ਤੇ ਪੁਲਿਸ ਨੂੰ ਬੁਲਾਇਆ ਗਿਆ ਸੀ। ਪਾਰਨੇਲ ਨੇ ਕਿਹਾ ਕਿ ਇਸ ਦੌਰਾਨ ਇੱਕ ਸ਼ੱਕੀ ਗੱਡੀ ਨੂੰ ਇਲਾਕੇ ਤੋਂ ਨਿਕਲਦੇ ਦੇਖਿਆ ਗਿਆ ਸੀ, ਅਧਿਕਾਰੀਆਂ ਨੇ ਇਸਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਨਹੀਂ ਰੁਕਿਆ ਅਤੇ ਇਸਦੀ ਬਜਾਏ, ਪੁਲਿਸ ਗੱਡੀ ਵਿੱਚ ਅਤੇ ਫਿਰ ਦੋ ਹੋਰ ਪੁਲਿਸ ਗੱਡੀਆਂ ਵਿੱਚ ਜਾ ਵੱਜਾ ਜੋ ਸਹਾਇਤਾ ਲਈ ਪਹੁੰਚੀਆਂ ਸਨ। ਇੱਕ ਆਮ ਵਿਅਕਤੀ ਦੇ ਵਾਹਨ ਨੂੰ ਵੀ ਉਸ ਵਿਅਕਤੀ ਦੇ ਵਾਹਨ ਨੇ ਟੱਕਰ ਮਾਰ ਦਿੱਤੀ। ਸ਼ੁਕਰ ਹੈ ਕਿ ਉਹ ਵਿਅਕਤੀ ਜ਼ਖਮੀ ਨਹੀਂ ਹੋਇਆ। ਫਿਰ ਡਰਾਈਵਰ ਪੈਦਲ ਹੀ ਮੌਕੇ ਤੋਂ ਭੱਜ ਗਿਆ, ਪਰ ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
