ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਐਤਵਾਰ ਦੀ ਹੈ। ਫਿਲਹਾਲ ਦੋ ਵਿਦਿਆਰਥੀ ਹਸਪਤਾਲ ‘ਚ ਦਾਖਲ ਹਨ। ਹਾਦਸੇ ‘ਚ ਉਹ ਜ਼ਖਮੀ ਹੋ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਟੋਰਾਂਟੋ ਵਿੱਚ ਭਾਰਤੀ ਦੂਤਾਵਾਸ ਦੀ ਟੀਮ ਮਦਦ ਲਈ ਪੀੜਤਾਂ ਦੇ ਦੋਸਤਾਂ ਨਾਲ ਸੰਪਰਕ ਵਿੱਚ ਹੈ। ਇਹ ਜਾਣਕਾਰੀ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਦਿੱਤੀ ਹੈ। ਮ੍ਰਿਤਕਾਂ ਦੀ ਉਮਰ 21 ਤੋਂ 24 ਸਾਲ ਦਰਮਿਆਨ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਪੰਜੇ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਹਾਦਸਾ ਵੈਨ ਦੇ ਟਰੈਕਟਰ-ਟ੍ਰੇਲਰ ਦੀ ਟੱਕਰ ਕਾਰਨ ਵਾਪਰਿਆ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਨੇ ਇਹ ਗੱਲ ਕਹੀ ਹੈ। ਇਲਾਜ ਅਧੀਨ ਦੋ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਦੱਸਿਆ ਹੈ ਕਿ 24 ਸਾਲਾ ਹਰਪ੍ਰੀਤ ਸਿੰਘ, 21 ਸਾਲਾ ਜਸਪ੍ਰੀਤ ਸਿੰਘ, 22 ਸਾਲਾ ਕਰਨਪਾਲ ਸਿੰਘ, 23 ਸਾਲਾ ਮੋਹਿਤ ਚੌਹਾਨ ਅਤੇ 23 ਸਾਲਾ ਪਵਨ ਕੁਮਾਰ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਸਾਰੇ ਮਾਂਟਰੀਅਲ ਅਤੇ ਗ੍ਰੇਟਰ ਟੋਰਾਂਟੋ ਖੇਤਰਾਂ ਵਿੱਚ ਪੜ੍ਹ ਰਹੇ ਸਨ। ਭਾਰਤੀ ਰਾਜਦੂਤ ਅਜੈ ਬਿਸਾਰੀਆ ਨੇ ਟਵੀਟ ਕੀਤਾ, ‘ਕੈਨੇਡਾ ‘ਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਸ਼ਨੀਵਾਰ ਨੂੰ ਟੋਰਾਂਟੋ ਨੇੜੇ ਇੱਕ ਹਾਦਸੇ ਵਿੱਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਦੋ ਹੋਰ ਵਿਦਿਆਰਥੀ ਹਸਪਤਾਲ ਵਿੱਚ ਦਾਖਲ ਹਨ। ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਭਾਰਤ ਦੀ ਟੋਰਾਂਟੋ ਟੀਮ ਮਦਦ ਲਈ ਪੀੜਤਾਂ ਦੇ ਦੋਸਤਾਂ ਨਾਲ ਸੰਪਰਕ ਵਿੱਚ ਹੈ।
ਜਾਣਕਾਰੀ ਮੁਤਾਬਿਕ ਸ਼ਨੀਵਾਰ ਸਵੇਰੇ ਸਾਰੇ ਵਿਦਿਆਰਥੀ ਯਾਤਰੀ ਵੈਨ ‘ਚ ਸਵਾਰ ਹੋ ਕੇ ਪੱਛਮ ਵੱਲ ਜਾ ਰਹੇ ਸਨ ਕਿ ਉਨ੍ਹਾਂ ਦੀ ਵੈਨ ਦੀ ਟਰੈਕਟਰ-ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਘਟਨਾ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਹੈ। ਇਸ ਮਾਮਲੇ ‘ਚ ਹੁਣ ਤੱਕ ਕੋਈ ਲਾਪ੍ਰਵਾਹੀ ਸਾਹਮਣੇ ਨਹੀਂ ਆਈ ਹੈ। ਨਾ ਹੀ ਇਹ ਦੱਸਿਆ ਗਿਆ ਹੈ ਕਿ ਸਾਰੇ ਵਿਦਿਆਰਥੀ ਭਾਰਤ ਦੇ ਕਿਹੜੇ ਰਾਜਾਂ ਦੇ ਸਨ।