ਨਿਊਜ਼ੀਲੈਂਡ ‘ਚ ਨਾ ਤਾਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਲੈ ਰਹੀਆਂ ਨੇ ਨਾ ਹੀ ਬੱਚੇ ਸੁਧਰਨ ਦਾ ਨਾਮ। ਤਾਜ਼ਾ ਮਾਮਲਾ Papakura ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰੀ ਦੀਆਂ ਕਾਰਾਂ ਨੂੰ ਖਤਰਨਾਕ ਢੰਗ ਨਾਲ ਚਲਾਉਣ ਅਤੇ ਇਕ ਦੂਜੇ ਨਾਲ ਟਕਰਾਉਣ ਲਈ ਪੰਜ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਾਪਾਕੁਰਾ ਦੀ ਬਟਾਲੀਅਨ ਡਰਾਈਵ ਵਿੱਚ ਵਾਪਰੀ ਘਟਨਾ ਬਾਰੇ ਬੁੱਧਵਾਰ ਰਾਤ ਕਰੀਬ 11.30 ਵਜੇ ਕਿਸੇ ਵਿਅਕਤੀ ਨੇ ਪੁਲਿਸ ਨੂੰ ਫ਼ੋਨ ਕੀਤਾ ਸੀ। ਇੱਕ ਬਿਆਨ ਵਿੱਚ, ਕਾਉਂਟੀਜ਼ ਮੈਨੂਕਾਊ ਇੰਸਪੈਕਟਰ ਮੈਟ ਹੋਇਸ ਨੇ ਕਿਹਾ ਕਿ ਦੋ ਵਾਹਨਾਂ ਨੂੰ “ਖਤਰਨਾਕ ਢੰਗ ਨਾਲ ਡਰਾਈਵਿੰਗ ਕਰਦੇ ਹੋਏ ਅਤੇ ਇੱਕ ਦੂਜੇ ਨਾਲ ਟਕਰਾਉਂਦੇ ਹੋਏ” ਦੇਖਿਆ ਗਿਆ ਸੀ।
ਕਾਲ ਦਾ ਤੁਰੰਤ ਜਵਾਬ ਦਿੱਤਾ ਗਿਆ, ਅਤੇ ਪੁਲਿਸ ਲਈ ਇਹ ਪਤਾ ਲਗਾਉਣਾ ਵੀ ਸੰਭਵ ਬਣਾਇਆ ਗਿਆ ਕਿ ਵਰਤੇ ਜਾ ਰਹੇ ਵਾਹਨ ਚੋਰੀ ਹੋਏ ਸਨ ਜਾ ਨਹੀਂ। ਹੋਇਸ ਨੇ ਕਿਹਾ ਕਿ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚਣ ਮਗਰੋਂ ਸ਼ਾਮਿਲ ਵਾਹਨਾਂ ਵਿੱਚੋਂ ਇੱਕ ਨੂੰ ਦੇਖਿਆ। ਉਸ ਨੇ ਕਿਹਾ ਕਿ, “ਸਟਾਫ਼ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਰੁਕਣ ਦੀ ਬਜਾਏ ਗੱਡੀ ਭਜਾ ਲਈ। ਫਿਰ ਡਰਾਈਵਿੰਗ ਦੇ ਢੰਗ ਕਾਰਨ ਪੁਲਿਸ ਨੇ ਪਿੱਛਾ ਨਾ ਕਰਨ ਦਾ ਫੈਸਲਾ ਕੀਤਾ।” ਪੁਲਿਸ ਈਗਲ ਹੈਲੀਕਾਪਟਰ ਦੀ ਵਰਤੋਂ ਵਾਹਨ ‘ਤੇ ਨਜ਼ਰ ਰੱਖਣ ਲਈ ਕੀਤੀ ਗਈ ਸੀ। ਇਸ ਮਗਰੋਂ ਸਾਰੇ ਪੰਜਾਂ ਜਵਾਕਾਂ ਨੂੰ ਜਲਦੀ ਹੀ ਪੁਲਿਸ ਨੇ ਲੱਭ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ। 11 ਤੋਂ 13 ਸਾਲ ਦੀ ਉਮਰ ਦੇ ਬੱਚਿਆਂ ਨੂੰ ਯੂਥ ਏਡ ਲਈ ਭੇਜਿਆ ਜਾਵੇਗਾ।