ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪਹਿਲੀ ਗ੍ਰਿਫਤਾਰੀ ਹੋ ਗਈ ਹੈ। ਮਾਨਸਾ ਦੇ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਸ ਨੇ ਮੂਸੇਵਾਲਾ ਦੇ ਕਾਤਲਾਂ ਨੂੰ ਵਾਹਨ ਅਤੇ ਹਥਿਆਰ ਮੁਹੱਈਆ ਕਰਵਾਏ ਸਨ। ਦੱਸ ਦੇਈਏ ਕਿ ਮੂਸੇਵਾਲਾ ਦੀ ਹੱਤਿਆ ਦੇ ਇੱਕ ਦਿਨ ਬਾਅਦ ਪੁਲਿਸ ਨੇ ਉੱਤਰਾਖੰਡ ਤੋਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਮਨਪ੍ਰੀਤ ਵੀ ਉਨ੍ਹਾਂ ਵਿੱਚੋਂ ਇੱਕ ਹੈ। ਪੁਲਿਸ ਨੇ ਮਨਪ੍ਰੀਤ ਨੂੰ 5 ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਮਨਪ੍ਰੀਤ ਸਿੰਘ ਦਾ ਪਿੰਡ ਢੈਪਈ ਜਵਾਹਰਕੇ ਨੇੜੇ ਹੈ ਜਿੱਥੇ ਮੂਸੇਵਾਲਾ ਦਾ ਕਤਲ ਹੋਇਆ ਸੀ।
ਇਧਰ, ਇਸੇ ਮਾਮਲੇ ‘ਚ ਪੁਲਿਸ ਨੇ ਬਠਿੰਡਾ ਤੇ ਫਿਰੋਜ਼ਪੁਰ ਜੇਲ੍ਹ ‘ਚ ਬੰਦ ਦੋ ਗੈਂਗਸਟਰਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤੋਂ ਜਾਣੂ ਸਨ। ਇਹ ਦੋਵੇਂ ਗੈਂਗਸਟਰ ਜੇਲ੍ਹ ਵਿੱਚ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਹੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਦਾ ਸਬੰਧ ਲਾਰੈਂਸ ਗੈਂਗ ਨਾਲ ਹੋ ਸਕਦਾ ਹੈ। ਪ੍ਰੋਡਕਸ਼ਨ ਵਾਰੰਟ ‘ਤੇ ਲਏ ਗਏ ਦੋ ਗੈਂਗਸਟਰਾਂ ‘ਚੋਂ ਇਕ ਦਾ ਨਾਂ ਮਨਪ੍ਰੀਤ ਮੰਨਾ ਦੱਸਿਆ ਜਾ ਰਿਹਾ ਹੈ।
ਸੋਮਵਾਰ ਨੂੰ ਹੀ ਪੁਲਿਸ ਨੇ ਬਠਿੰਡਾ ਦੇ ਪਿੰਡ ਭਾਗੀਬੰਦਰ ਤੋਂ ਮਨਪ੍ਰੀਤ ਮੰਨਾ ਦੇ ਕਰੀਬੀ ਵਿਅਕਤੀ ਨੂੰ ਚੁੱਕਿਆ ਸੀ। ਬੋਲੈਰੋ ਕਾਰ ਤੋਂ ਇਲਾਵਾ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਕਾਰ ਵੀ ਇਸ ਵਿਅਕਤੀ ਦੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੰਨਾ ਦੇ ਕਹਿਣ ‘ਤੇ ਹੀ ਉਸ ਨੇ ਕਾਤਲਾਂ ਨੂੰ ਆਪਣੀ ਕਾਰ ਦਿੱਤੀ ਸੀ। ਮਨਪ੍ਰੀਤ ਮੰਨਾ ਤੋਂ ਇਲਾਵਾ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ ਇੱਕ ਹੋਰ ਗੈਂਗਸਟਰ ਗੈਂਗਸਟਰ ਕੁਲਵੀਰ ਨਰੂਆਣਾ ਦੇ ਕਤਲ ‘ਚ ਸ਼ਾਮਲ ਹੈ।