ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਨਿੱਜੀ ਸਕੂਲ ਵਿੱਚ ਤਾਬੜਤੋੜ ਫਾਇਰਿੰਗ ਕਾਰਨ ਤਿੰਨ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਵਿੱਚ ਹਮਲਾਵਰ ਨੂੰ ਮਾਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇੱਕ ਪ੍ਰਾਈਵੇਟ ਨੈਸ਼ਵਿਲ ਗ੍ਰੇਡ ਸਕੂਲ ਵਿੱਚ ਗੋਲੀਬਾਰੀ ਵਿੱਚ ਘੱਟੋ-ਘੱਟ ਤਿੰਨ ਬੱਚੇ ਅਤੇ ਤਿੰਨ ਬਾਲਗ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮਹਿਲਾ ਹਮਲਾਵਰ ਵੀ ਮਾਰੀ ਗਈ ਹੈ।
ਦਰਅਸਲ, ਅਮਰੀਕਾ ਵਿੱਚ ਸੋਮਵਾਰ ਨੂੰ ਇੱਕ ਮਹਿਲਾ ਹਮਲਾਵਰ ਨੇ ਟੈਨੇਸੀ ਦੇ ਨੈਸ਼ਵਿਲ ਵਿੱਚ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ। ਇੱਥੇ ਉਸ ਨੇ ਕਾਫੀ ਗੋਲੀਆਂ ਚਲਾਈਆਂ ਸਨ। ਦੂਜੇ ਪਾਸੇ ਜਦੋਂ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਇਸ ਤੋਂ ਪਹਿਲਾਂ ਕਈ ਲੋਕ ਗੋਲੀਆਂ ਦੀ ਲਪੇਟ ‘ਚ ਆ ਚੁੱਕੇ ਸਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਮਲੇ ਦੌਰਾਨ ਸਕੂਲ ਵਿੱਚ ਨਰਸਰੀ ਤੋਂ ਛੇਵੀਂ ਜਮਾਤ ਤੱਕ ਦੇ ਕਰੀਬ 200 ਵਿਦਿਆਰਥੀ ਮੌਜੂਦ ਸਨ। ਦੱਸ ਦੇਈਏ ਕਿ ਹਮਲੇ ਤੋਂ ਬਾਅਦ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ਲਿਜਾਇਆ ਗਿਆ ਸੀ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।