ਕੈਨੇਡਾ ’ਚ ਰਹਿੰਦੇ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਗੈਂਗਸਟਰ ਪ੍ਰੀਤ ਸੇਖੋਂ ਨੇ 10 ਲੱਖ ਦੀ ਫਿਰੌਤੀ ਮੰਗੀ ਹੈ। ਤਰਨਤਾਰਨ ਪੱਟੀ ’ਚ ਦੋਹਰੇ ਕਤਲ ਕਾਂਡ ਦਾ ਦੋਸ਼ੀ ਗੈਂਗਸਟਰ ਪ੍ਰੀਤ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਲਈ ਸਿਰਦਰਦ ਬਣਦਾ ਜਾ ਰਿਹਾ ਹੈ। ਫਿਲਹਾਲ ਥਾਣਾ ਬਿਆਸ ਦੀ ਪੁਲਸ ਨੇ ਪ੍ਰੇਮ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ’ਤੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਅੰਮ੍ਰਿਤਸਰ ’ਚ ਰਹਿ ਰਿਹਾ ਪ੍ਰੇਮ ਦਾ ਪਰਿਵਾਰ ਡਰ ਦੇ ਸਾਏ ਹੇਠ ਹੈ। ਦਰਅਸਲ ਪ੍ਰੇਮ ਢਿੱਲੋਂ ਨੇ ਉਸ ਨੂੰ ਪੈਸੇ ਨਹੀਂ ਦਿੱਤੇ ਸੀ ਤਾਂ ਗੈਂਗਸਟਰ ਨੇ ਗਾਇਕ ਦੇ ਜੱਦੀ ਪਿੰਡ ਦੋਲੋਨੰਗਲ ਵਿਖੇ ਉਸਦੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ।
ਪਰ ਗਾਇਕ ਦਾ ਪਰਿਵਾਰ ਡਰਿਆ ਹੋਇਆ ਹੈ। ਕੁਲਦੀਪ ਸਿੰਘ ਨੇ ਥਾਣਾ ਬਿਆਸ ਦੀ ਪੁਲਿਸ ਨੂੰ ਦੱਸਿਆ ਕਿ ਉਸਦਾ ਲੜਕਾ ਪ੍ਰੇਮ ਢਿੱਲੋਂ ਇੱਕ ਗਾਇਕ ਹੈ ਅਤੇ ਕੈਨੇਡਾ ਵਿੱਚ ਰਹਿ ਰਿਹਾ ਹੈ। 2 ਜੁਲਾਈ ਨੂੰ ਗੈਂਗਸਟਰ ਪ੍ਰੀਤ ਸੇਖੋਂ ਨੇ ਉਸਦੇ ਪੁੱਤਰ ਨੂੰ ਫੋਨ ਕਰਕੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪ੍ਰੇਮ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਉਸਨੇ ਫਿਰੌਤੀ ਦਿੱਤੀ। ਜਿਸ ਤੋਂ ਬਾਅਦ ਲੁਧਿਆਣਾ ਨੰਬਰ ਦੀ ਸਵਿਫਟ ਕਾਰ ’ਚ ਬੈਠੇ ਦੋ ਬਦਮਾਸ਼ਾਂ ਨੇ ਘਰ ਤੇ ਗੋਲੀਆਂ ਚਲਾਈਆਂ। ਜਦੋਂ ਤੱਕ ਉਹ ਘਰੋਂ ਬਾਹਰ ਨਿਕਲਦੇ, ਦੋਵੇਂ ਦੋਸ਼ੀ ਫਰਾਰ ਹੋ ਚੁੱਕੇ ਸਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਗੈਂਗਸਟਰ ਪ੍ਰੀਤ ਸੇਖੋਂ 9 ਅਕਤੂਬਰ, 2020 ਨੂੰ ਰਣਜੀਤ ਐਵੇਨਿਊ ਦੇ ਇੱਕ ਰੈਸਟੋਰੈਂਟ ’ਚ ਕੰਮ ਕਰਨ ਵਾਲੇ ਜੱਗਾ ਬਾਊਂਸਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਚੁੱਕਾ ਹੈ, ਜਿਸ ਤੋਂ ਬਾਅਦ ਉਸ ਨੇ 27 ਮਈ ਨੂੰ ਤਰਨਤਾਰਨ ਪੱਟੀ ’ਚ ਦੋਹਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ । ਗੈਂਗਸਟਰ ਪ੍ਰੀਤ ਸੇਖੋਂ ਕਈ ਥਾਣਿਆਂ ਦੀ ਪੁਲਿਸ ਵਲੋਂ ਭਗੌੜਾ ਚੱਲ ਰਿਹਾ ਹੈ। ਫੋਨ ’ਤੇ ਫਿਰੌਤੀ ਮੰਗਣ ਤੇ ਘਰ ’ਤੇ ਹੋਈ ਫਾਇਰਿੰਗ ਦੇ ਪਿੱਛੇ ਗੈਂਗਸਟਰ ਪ੍ਰੀਤ ਸੇਖੋਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।