ਦੱਖਣੀ ਅਫਰੀਕਾ ਦੀ ਰਾਜਧਾਨੀ ਜੋਹਾਨਸਬਰਗ ‘ਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਇੱਥੋਂ ਦੇ ਸ਼ਹਿਰੀ ਖੇਤਰ ਵਿੱਚ ਸਥਿਤ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗੀ ਸੀ। ਅੱਗਜ਼ਨੀ ਦੀ ਇਸ ਘਟਨਾ ‘ਚ ਹੁਣ ਤੱਕ 63 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 40 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਜੋਹਾਨਸਬਰਗ ਐਮਰਜੈਂਸੀ ਮੈਨੇਜਮੈਂਟ ਸਰਵਿਸ ਦੇ ਬੁਲਾਰੇ ਬਰਟ ਮੁਲੌਦਜੀ ਨੇ ਦੱਸਿਆ ਕਿ ਹੁਣ ਤੱਕ 63 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ 43 ਲੋਕ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਸ ਇਮਾਰਤ ਵਿਚ ਅੱਗ ਲੱਗੀ, ਉਸ ਵਿਚ ਕਰੀਬ 200 ਲੋਕ ਰਹਿ ਰਹੇ ਸਨ।