ਬੀਤੀ ਅੱਧੀ ਰਾਤ ਨੂੰ ਮੈਸੀ ਹਾਈ ਸਕੂਲ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਆਕਲੈਂਡ ਤੋਂ ਫਾਇਰ ਐਂਡ ਐਮਰਜੈਂਸੀ (FENZ) ਦੇ ਅਮਲੇ ਨੂੰ ਰਾਤ 11 ਵਜੇ ਤੋਂ ਤੁਰੰਤ ਬਾਅਦ ਮੌਕੇ ‘ਤੇ ਬੁਲਾਇਆ ਗਿਆ ਸੀ। ਫੇਨਜ਼ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਕਰੀਬ 12.30 ਵਜੇ ਅੱਗ ਬੁਝਾਈ ਗਈ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਵੈਸਟ ਹਾਰਬਰ, ਟੇ ਅਟਾਟੂ, ਹੈਂਡਰਸਨ, ਗਲੇਨ ਈਡਨ, ਆਕਲੈਂਡ ਸਿਟੀ, ਅਲਬਾਨੀ, ਵੇਟਾਕੇਰੇ, ਪਾਰਨੇਲ, ਅਵੋਂਡੇਲ, ਟਾਕਾਪੂਨਾ, ਓਟਾਹੂਹੂ, ਗ੍ਰੀਨਹੀਥੇ, ਓਟਾਰਾ, ਪਾਪਾਟੋਏਟੋਏ, ਬਾਲਮੋਰਲ, ਰੇਮੂਏਰਾ ਅਤੇ ਬਰਕਨਹੈੱਡ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਅੱਗ ਬੁਝਾਉਣ ਲਈ ਬੁਲਾਇਆ ਗਿਆ ਸੀ।
ਵੈਸਟ ਹਾਰਬਰ ਫਾਇਰ ਬ੍ਰਿਗੇਡ ਦੇ ਚੀਫ਼ ਫਾਇਰ ਅਫ਼ਸਰ ਕੋਡੀ ਮੈਕਨੇਨੀ ਨੇ ਸਕੂਲ ਦੇ ਸਾਇੰਸ ਬਲਾਕ ਵਿੱਚ ਅੱਗ ਲੱਗਣ ਦੀ ਪੁਸ਼ਟੀ ਕੀਤੀ ਹੈ। ਘਟਨਾ ਵਾਲੀ ਥਾਂ ‘ਤੇ ਲਗਭਗ 14 ਟਰੱਕ ਅਤੇ ਲਗਭਗ 60 FENZ ਸਟਾਫ ਮੈਂਬਰ ਵਰਤਮਾਨ ਵਿੱਚ ਕੰਮ ਕਰ ਰਹੇ ਹਨ। ਫਿਲਹਾਲ ਇਸ ਅੱਗ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਅੱਗ ਲੱਗਣ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।