“ਪੰਜਾਹ ਹਜ਼ਾਰ ਦਿਓ ਜਿਨ੍ਹਾਂ ਮਰਜ਼ੀ ਚਿੱਟਾ ਵੇਚੋ। ਜੇ ਪੈਸੇ ਨਾ ਦਿੱਤੇ ਤਾਂ 1000 ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਕਰ ਦੇਵਾਂਗੇ ਤੇ ਜ਼ਮਾਨਤ ਵੀ ਨਹੀਂ ਹੋਵੇਗੀ।” ਅਜਿਹੀ ਗੱਲਬਾਤ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਸਿਟੀ ਜਗਰਾਓਂ ਦੇ ਇੱਕ ਏਐਸਆਈ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਾਈਜੀਨਾ ਦੀ ਰਹਿਣ ਵਾਲੀ ਬਿੰਦਰ ਕੌਰ ਨੇ ਇਹ ਵੀਡੀਓ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਪਾਈ ਸੀ। ਐਸਐਸਪੀ ਦਿਹਾਤੀ ਨਵਨੀਤ ਸਿੰਘ ਬੈਂਸ ਨੇ ਮਾਮਲੇ ਦੀ ਜਾਂਚ ਡੀਐਸਪੀ ਸਿਟੀ ਸਤਵਿੰਦਰ ਸਿੰਘ ਵਿਰਕ ਨੂੰ ਸੌਂਪੀ ਸੀ। ਵੀਰਵਾਰ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਬਿੰਦਰ ਕੌਰ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਗਈ।
ਲੁਧਿਆਣਾ ਜ਼ੋਨ ਦੇ ਆਈਜੀ ਡਾ. ਕੌਸਤੁਭ ਸ਼ਰਮਾ ਨੇ ਬੁੱਧਵਾਰ ਨੂੰ ਏਐਸਆਈ ਦਾ ਤਬਾਦਲਾ ਲੁਧਿਆਣਾ ਦਿਹਾਤੀ ਤੋਂ ਸ਼ਹੀਦ ਭਗਤ ਸਿੰਘ ਨਗਰ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਹੁਣ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਵੇਗੀ। ਦੋਸ਼ ਹੈ ਕਿ ਏਐਸਆਈ ਚਿੱਟਾ ਵੇਚਣ ਦੇ ਬਦਲੇ ਪੈਸੇ ਦੀ ਮੰਗ ਕਰ ਰਿਹਾ ਸੀ। ਔਰਤ ਨੇ ਦਾਅਵਾ ਕੀਤਾ ਕਿ ਏਐਸਆਈ ਨੇ ਉਸ ਤੋਂ 15,000 ਰੁਪਏ ਲਏ ਸਨ ਅਤੇ 35,000 ਰੁਪਏ ਹੋਰ ਮੰਗ ਰਹੇ ਸਨ। ਪੈਸੇ ਨਾ ਦੇਣ ਦੀ ਸੂਰਤ ਵਿੱਚ ਝੂਠਾ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ।
ਲੁਧਿਆਣਾ ਜ਼ੋਨ ਦੇ ਆਈਜੀ ਡਾ.ਕੌਸਤੁਭ ਸ਼ਰਮਾ ਨੇ ਦੱਸਿਆ ਕਿ ਏਐਸਆਈ ‘ਤੇ ਪਹਿਲਾਂ ਵੀ ਦੋ ਕੇਸ ਦਰਜ ਹਨ। ਜਿਸ ਵਿੱਚ ਬਾਘਾਪੁਰਾਣਾ ਵਿੱਚ ਐਨਡੀਪੀਐਸ ਐਕਟ ਤਹਿਤ ਅਤੇ ਮੋਗਾ ਵਿੱਚ ਕਿਸੇ ਨੂੰ ਝੂਠਾ ਫਸਾਉਣ ਦੇ ਦੋਸ਼ ਹੇਠ ਐਫ.ਆਈ.ਆਰ. ਦਰਜ ਹੈ। ਆਈਜੀ ਸ਼ਰਮਾ ਨੇ ਕਿਹਾ ਕਿ ਸਰਕਾਰ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਨਸ਼ਿਆਂ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।