ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਆਪਣੇ ਦੋਸਤਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਦੋਸਤਾਂ ਨਾਲ ਪਾਰਟੀ ‘ਚ ਡਰੱਗਜ਼ ਲਈ ਹੈ। ਉਨ੍ਹਾਂ ਤੋਂ ਡਰੱਗ ਟੈਸਟ ਦੀ ਵੀ ਮੰਗ ਕੀਤੀ ਜਾ ਰਹੀ ਹੈ। ਮਰੀਨ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਉਸ ਨੇ ਪਾਰਟੀ ‘ਚ ਸਿਰਫ ਸ਼ਰਾਬ ਪੀਤੀ ਸੀ। ਪਰ ਹੁਣ ਫਿਨਲੈਂਡ ਦੀ ਨੌਜਵਾਨ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਡਰੱਗ ਟੈਸਟ ਕਰਵਾ ਲਿਆ ਹੈ ਅਤੇ ਜਾਂਚ ਦੀ ਰਿਪੋਰਟ ਅਗਲੇ ਹਫਤੇ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਦੋਸਤਾਂ ਨਾਲ ਡਾਂਸ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਸੀ ਅਤੇ ਉਨ੍ਹਾਂ ‘ਤੇ ਵਿਰੋਧੀ ਧਿਰ ਵੱਲੋਂ ਡਰੱਗ ਟੈਸਟ ਦਾ ਦਬਾਅ ਪਾਇਆ ਜਾ ਰਿਹਾ ਸੀ।
ਅਜਿਹੇ ਦੋਸ਼ਾਂ ‘ਚ ਘਿਰੇ ਪੀਐੱਮ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਜਾਂਚ ਕਰਵਾਈ ਹੈ ਅਤੇ ਅਗਲੇ ਹਫਤੇ ਤੱਕ ਇਸ ਜਾਂਚ ਦੇ ਨਤੀਜੇ ਆ ਜਾਣਗੇ। ਮਰੀਨ ਨੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਨਾ ਲੈਣ ਬਾਰੇ ਆਪਣੀ ਗੱਲ ਦੁਹਰਾਈ ਕਿ ਉਨ੍ਹਾਂ ਨੇ ਕਦੇ ਵੀ ਨਸ਼ੇ ਨਹੀਂ ਲਏ ਸਨ। ਉਸਨੇ ਪੱਤਰਕਾਰਾਂ ਨੂੰ ਕਿਹਾ: “ਮੈਂ ਕੁਝ ਵੀ ਗੈਰ ਕਾਨੂੰਨੀ ਨਹੀਂ ਕੀਤਾ ਹੈ।” ਸਨਾ ਮਰੀਨ ਨੇ ਕਿਹਾ ਕਿ ਨਸ਼ੇ ਲੈਣ ਦੀ ਗੱਲ ਅਫਵਾਹ ਹੈ। ਉਸ ਨੇ ਕਿਹਾ- ਮੈਂ ਆਪਣੇ ਦੋਸਤਾਂ ਨਾਲ ਸੀ। ਅਸੀਂ ਇੱਕ ਪਾਰਟੀ ਰੱਖੀ ਸੀ। ਮੈਂ ਗਾਇਆ ਅਤੇ ਨੱਚੀ ਵੀ। ਮੈਂ ਕਦੇ ਨਸ਼ਾ ਨਹੀਂ ਕੀਤਾ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਇਹ ਇੱਕ ਨਿੱਜੀ ਵੀਡੀਓ ਸੀ। ਇਸ ਨੂੰ ਇਸ ਤਰ੍ਹਾਂ ਜਨਤਕ ਨਹੀਂ ਕਰਨਾ ਚਾਹੀਦਾ ਸੀ।”